ਮੁਹੰਮਦ ਸਦੀਕ ਨੇ ਪਿੰਡ ਘਣੀਆ ਵਿਖੇ ਨਵੇਂ ਬਣੇ ਪਾਰਕ ਦਾ ਉਦਘਾਟਨ ਕੀਤਾ

Last Updated: Jan 13 2018 19:42

ਅੱਜ ਨੇੜਲੇ ਪਿੰਡ ਘਣੀਆ ਵਿਖੇ ਹਲਕਾ ਜੈਤੋ ਦੇ ਮੁੱਖ ਸੇਵਾਦਾਰ ਮੁਹੰਮਦ ਸਦੀਕ ਨੇ ਬੱਚਿਆਂ ਅਤੇ ਬਜ਼ੁਰਗਾਂ ਲਈ ਨਵੇਂ ਬਣੇ ਪਾਰਕ ਦਾ ਉਦਘਾਟਨ ਕੀਤਾ। ਇਸ ਸਮੇਂ ਮੁਹੰਮਦ ਸਦੀਕ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਹਲਕੇ 'ਚ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀਬਾਜ਼ੀ ਅਤੇ ਵਿਤਕਰੇਬਾਜ਼ੀ ਤੋਂ ਉੱਪਰ ਉੱਠ ਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਾਂਗਰਸ ਸਰਕਾਰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਦਾ ਕਰਜ਼ਾ ਪਹਿਲ ਦੇ ਆਧਾਰ 'ਤੇ ਮੁਆਫ਼ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਅੰਨਦਾਤਾ ਖ਼ੁਸ਼ਹਾਲ ਜੀਵਨ ਬਤੀਤ ਕਰ ਸਕੇ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਕਿਸਾਨਾਂ ਦਾ ਕਰਜ਼ਾ ਵੀ ਛੇਤੀ ਹੀ ਮੁਆਫ਼ ਕਰ ਦਿੱਤਾ ਜਾਵੇਗਾ। ਕੈਪਟਨ ਸਰਕਾਰ ਲਗਾਤਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ ਤਾਂ ਕਿ ਪੰਜਾਬ 'ਚੋਂ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ 'ਚੋਂ ਨਸ਼ਿਆਂ ਦੀ ਦਲਦਲ ਖ਼ਤਮ ਕਰਨ ਲਈ ਵਿਸ਼ੇਸ਼ ਟੀਮਾਂ ਬਣਾ ਕੇ ਨੌਜਵਾਨੀ ਬਚਾਉਣ ਲਈ ਆਪਣੀ ਮੁੱਢਲੀ ਭੂਮਿਕਾ ਨਿਭਾਈ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਬਲਾਕ ਪ੍ਰਧਾਨ ਸਿਕੰਦਰ ਸਿੰਘ ਮੜਾਕ, ਯੂਥ ਕਾਂਗਰਸ ਜੈਤੋ ਦੇ ਪ੍ਰਧਾਨ ਜੀਤੂ ਬਾਂਸਲ, ਟਰੱਕ ਯੂਨੀਅਨ ਬਾਜਾਖਾਨਾ ਦੇ ਪ੍ਰਧਾਨ ਬਲਵੰਤ ਸਿੰਘ ਵਾੜਾ ਭਾਈ ਕਾ, ਸੀਨੀਅਰ ਆਗੂ ਮੇਹਰ ਸਿੰਘ ਕਰੀਰਵਾਲੀ, ਕੁਲਦੀਪ ਸਿੰਘ ਨਿਆਮੀ ਵਾਲਾ, ਚਮਕੌਰ ਸਿੰਘ ਘਣੀਆ, ਇਕਬਾਲ ਸਿੰਘ ਆਦਿ ਹਾਜ਼ਰ ਸਨ।