ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 22-23 ਜਨਵਰੀ ਨੂੰ ਕੀਤੀ ਜਾਵੇਗੀ ਕਲਮ ਛੋੜ ਹੜਤਾਲ : ਚੀਮਾ

Last Updated: Jan 12 2018 17:27

ਡੀਸੀ ਦਫਤਰ ਇੰਪਲਾਈਜ਼ ਯੂਨੀਅਨ ਕਪੂਰਥਲਾ ਇਕਾਈ ਦੀ ਮੀਟਿੰਗ ਪੁਰਾਣੀ ਕਚਿਹਰੀ ਵਿਖੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਚੀਮਾ ਨੇ ਦੱਸਿਆ ਕਿ ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਬਾਡੀ ਵੱਲੋਂ 6 ਜਨਵਰੀ ਨੂੰ ਸਰਕਿਟ ਹਾਊਸ ਲੁਧਿਆਣਾ ਵਿਖੇ ਹੋਈ ਮੀਟਿੰਗ 'ਚ ਗੁਰਨਾਮ ਸਿੰਘ ਵਿਰਕ ਨੂੰ ਸਰਬ ਸੰਮਤੀ ਨਾਲ ਸੂਬਾ ਪ੍ਰਧਾਨ ਅਤੇ ਜੁਗਿੰਦਰ ਕੁਮਾਰ ਜੀਰਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਸੀ। ਉਸ ਦਿਨ ਹੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਫੈਸਲਾ ਲੈਂਦੇ ਹੋਏ ਐਲਾਨ ਕੀਤਾ ਗਿਆ ਸੀ ਕਿ ਮੌਜੂਦਾ ਸਰਕਾਰ ਦਾ ਵਤੀਰਾ ਮੁਲਾਜ਼ਮਾਂ ਪ੍ਰਤੀ ਚੰਗਾ ਨਹੀਂ ਹੈ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਉਪਰੰਤ ਵੀ ਇਸ ਪ੍ਰਤੀ ਕੋਈ ਗੰਭੀਰਤਾ ਦਿਖਾਈ ਨਹੀਂ ਦੇ ਰਹੀ। ਜਿਸ ਕਰਕੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਸਰਕਾਰ ਨੂੰ ਵਾਰ-ਵਾਰ ਸਮਾਂ ਅਤੇ ਨੋਟਿਸ ਦੇ ਕੇ ਦੇਖਿਆ ਜਾ ਚੁੱਕਿਆ ਹੈ, ਪਰ ਸਰਕਾਰ ਇਸ ਪ੍ਰਤੀ ਕੋਈ ਹੁੰਗਾਰਾ ਨਹੀਂ ਭਰ ਰਹੀ। ਜਿਸ ਕਰਕੇ ਮਜ਼ਬੂਰ ਹੋ ਕੇ ਮੁਲਾਜ਼ਮਾਂ ਵੱਲੋਂ ਪਹਿਲੇ ਪੜਾਅ 'ਚ 15 ਜਨਵਰੀ ਤੋਂ ਸੂਬੇ ਦੇ ਸਾਰੇ ਡੀਸੀ ਦਫ਼ਤਰ, ਐਸਡੀਐਮ ਦਫ਼ਤਰ, ਤਹਿਸੀਲ ਦਫ਼ਤਰ, ਸਬ-ਤਹਿਸੀਲ ਦਫ਼ਤਰਾਂ ਦੇ ਕਰਮਚਾਰੀ ਵਾਧੂ ਸੀਟਾ 'ਤੇ ਕੰਮ ਕਰਨਾ ਬੰਦ ਕਰ ਦੇਣਗੇ ਆਤੇ ਆਪਣੀ ਪਹਿਲੀ ਅਸਾਮੀ ਜਿੱਥੇ ਤਨਖਾਹ ਡਰਾਅ ਹੁੰਦੀ ਹੈ, ਸਿਰਫ ਉਸੇ ਹੀ ਸੀਟ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਚਿਤਾਵਨੀ ਵਜੋਂ 15 ਅਤੇ 16 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਰੈਲੀਆਂ ਕਰਨਗੇ। ਜੇਕਰ ਸਰਕਾਰ ਵੱਲੋਂ ਫਿਰ ਵੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 22 ਅਤੇ 23 ਜਨਵਰੀ ਨੂੰ ਕਲਮ ਛੋੜ ਹੜਤਾਲ ਕੀਤੀ ਜਾਵੇਗੀ। ਇਸ ਨਾਲ ਜੇਕਰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।