ਮਾਈਨਿੰਗ ਵਿੱਚ ਹਿੱਸੇਦਾਰੀ ਨੂੰ ਲੈ ਲੜ ਰਹੇ ਕਾਂਗਰਸੀ ਤੇ ਠੇਕੇਦਾਰ

Last Updated: Jan 14 2018 15:04

ਭਾਜਪਾ ਦੇ ਸੀਨੀਅਰ ਆਗੂਆਂ ਨੇ ਪ੍ਰੈਸ ਕਾਂਫ੍ਰੇਂਸ ਕਰ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਠਗਿਆ ਹੈ। ਇਸ ਦੇ ਖ਼ਿਲਾਫ਼ 16 ਜਨਵਰੀ ਨੂੰ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ। ਸਾਬਕਾ ਵਿਧਾਇਕ ਅਤੇ ਭਾਜਪਾ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ 'ਚ ਜੋ ਕਾਂਗਰਸੀ ਨਾਜਾਇਜ਼ ਮਾਈਨਿੰਗ ਦਾ ਰੋਲਾ ਪਾ ਰਹੇ ਸਨ ਅੱਜ ਉਹੀ ਕਾਂਗਰਸ ਆਗੂ ਅਤੇ ਠੇਕੇਦਾਰ ਇਸ ਦੀ ਉਗਾਹੀ ਨੂੰ ਲੈ ਕੇ ਲੜਾਈ ਕਰ ਰਹੇ ਹਨ। 

ਅਸ਼ਵਨੀ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਦਾ ਰੋਲਾ ਪਾਉਣ ਵਾਲੇ ਕਾਂਗਰਸੀ ਵਿਧਾਇਕ ਅੱਜ ਮਾਈਨਿੰਗ ਦੀ ਉਗਾਹੀ ਦੇ ਲਈ ਠੇਕੇਦਾਰਾਂ ਨਾਲ ਲੜ ਰਹੇ ਹਨ। ਰਾਵੀ 'ਚ ਪੈਨਟੂਨ ਪੁਲ ਦੇ ਨੇੜੇ 100 ਫੁੱਟ ਤੱਕ ਡੂੰਘੀ ਮਾਈਨਿੰਗ ਕੀਤੀ ਜਾ ਰਹੀ ਹੈ। ਕਾਂਗਰਸ ਮੰਤਰੀਆਂ ਦਾ ਧਿਆਨ ਮਾਈਨਿੰਗ ਅਤੇ ਟਰੱਕ ਯੂਨੀਅਨਾਂ 'ਤੇ ਕਬਜ਼ਾ ਕਰਨ ਉੱਪਰ ਹੈ। ਸਿਆਸੀ ਬਦਲੇ ਦੀ ਭਾਵਨਾ ਨਾਲ ਪੁਲਿਸ ਅਤੇ ਪ੍ਰਸ਼ਾਸਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਚੁਣਾਈ ਘੋਸ਼ਣਾ ਪੱਤਰ ਦਾ ਇੱਕ ਵੀ ਵਾਅਦਾ ਪੁਰਾ ਨਹੀਂ ਕੀਤਾ। ਸਵਾਲ ਕੀਤਾ ਗਿਆ ਪੰਜਾਬ ਕਿੰਨਾ ਕੁ ਨਸ਼ਾ ਮੁਕਤ ਹੋਇਆ ? ਨੌਜਵਾਨਾਂ ਨੂੰ ਸਮਾਰਟ ਫ਼ੋਨ ਕਿਥੇ ਮਿਲਿਆ, ਨੌਕਰੀ , ਬੇਰੁਜ਼ਗਾਰੀ ਭੱਤਾ ਕਿਸ ਨੂੰ ਮਿਲਿਆ। ਗ਼ਰੀਬਾਂ ਦੀ ਪੈਨਸ਼ਨਾਂ ਬੰਦ ਪਈਆਂ ਹਨ।

ਗੁਰਦਾਸਪੁਰ ਚੋਣਾਂ ਦੇ ਸਮੇਂ ਕਣਕ ਵੰਡੀ ਗਈ ਪਰ ਉਸ ਦੇ ਬਾਅਦ ਤਿੰਨ ਮਹੀਨਿਆਂ 'ਚ ਨਹੀਂ ਦਿੱਤੀ ਗਈ। ਕਾਂਗਰਸ ਨੇ ਲੋਕਾਂ ਨੂੰ ਠਗਿਆ ਹੈ ਇਸ ਦੇ ਖ਼ਿਲਾਫ਼ ਭਾਜਪਾ ਰੋਸ ਮਾਰਚ ਕੱਢ ਰਹੀ ਹੈ। ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਗਾਏ ਗਏ ਪਸ਼ੂ ਮੇਲੇ ਵਿੱਚ ਉਹ ਮੁੱਖ ਮਹਿਮਾਨ ਸੀ ਫਿਰ ਵੀ ਆਯੋਜਕਾਂ ਵੱਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਉੱਪਰ ਕਾਰਵਾਈ ਕਰਵਾਉਣਗੇ। ਇਸੇ ਤਰਾਂ ਬਿਨਾਂ ਪ੍ਰੋਟੋਕਾਲ ਸੁਜਾਨਪੁਰ ਕੌਂਸਲ 'ਚ ਕਾਂਗਰਸੀ ਆਗੂ ਵੱਲੋਂ ਮੀਟਿੰਗ ਕੀਤੇ ਜਾਨ 'ਤੇ ਉਨ੍ਹਾਂ ਨੇ ਨਿਖੇਧੀ ਕੀਤੀ।