ਬੱਸ ਦੀ ਟੱਕਰ ਲੱਗਣ ਕਾਰਨ ਐਕਟਿਵਾ ਸਵਾਰ ਵਿਅਕਤੀ ਦੀ ਮੌਤ

Jatinder Singh
Last Updated: Jan 14 2018 14:01

ਐਕਟਿਵਾ ਤੇ ਸਵਾਰ ਹੋ ਕੇ ਆਪਣੇ ਭਾਂਣਜੇ ਨੂੰ ਮਿਲਣ ਜਾ ਰਹੇ ਇੱਕ ਵਿਅਕਤੀ ਦੀ ਨਜ਼ਦੀਕੀ ਪਿੰਡ ਚਹਿਲਾਂ ਕੋਲ ਪੈਪਸੂ ਰੋਡਵੇਜ਼ ਦੀ ਬੱਸ ਨਾਲ ਟੱਕਰ ਲੱਗਣ ਕਾਰਨ ਘਟਨਾ ਵਾਲੀ ਥਾਂ ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਸੁਰਿੰਦਰ ਸਿੰਘ (52) ਵਾਸੀ ਪਿੰਡ ਚੰਡਿਆਲਾ ਥਾਣਾ ਖਮਾਣੋਂ ਦੇ ਤੌਰ ਤੇ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਸਿਵਲ ਹਸਪਤਾਲ ਦੀ ਮੌਕਚਰੀ 'ਚ ਪਹੁੰਚਾਇਆ ਅਤੇ ਬੱਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਪਿੰਡ ਚੰਡਿਆਲਾ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਆਪਣੇ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਪਿੰਡ ਮਾਨਗੜ ਰਹਿੰਦੇ ਆਪਣੇ ਭਾਂਣਜੇ ਨੂੰ ਮਿਲਣ ਜਾ ਰਿਹਾ ਸੀ। ਜਦੋਂ ਉਹ ਚਹਿਲਾਂ ਪਿੰਡ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੀ ਤੇਜ਼ ਰਫਤਾਰ ਪੈਪਸੂ ਰੋਡਵੇਜ਼ ਦੀ ਬੱਸ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਦੇ ਬਾਅਦ ਐਕਟਿਵਾ ਸਵਾਰ ਵਾਹਨ ਸਮੇਤ ਸੜਕ ਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਹਾਦਸੇ ਦੇ ਬਾਅਦ ਬੱਸ ਡਰਾਈਵਰ ਬੱਸ ਨੂੰ ਘਟਨਾ ਵਾਲੀ ਥਾਂ ਤੇ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਬਾਅਦ ਥਾਣਾ ਸਮਰਾਲਾ ਤੋਂ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਚੁਕਵਾ ਕੇ ਹਸਪਤਾਲ 'ਚ ਪਹੁੰਚਾਇਆ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਥਾਣੇ ਪਹੁੰਚਾਇਆ।

ਹਾਦਸੇ ਸਬੰਧੀ ਥਾਣਾ ਸਮਰਾਲਾ ਦੇ ਐਸ.ਐਚ.ਓ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਪੈਪਸੂ ਰੋਡਵੇਜ਼ ਬੱਸ ਦੇ ਫਰਾਰ ਹੋਏ ਅਣਪਛਾਤੇ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ 'ਚੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।