ਫਰਨੇਸ ਇਕਾਈਆਂ 'ਚ ਲਗਾਏ ਗਏ ਪ੍ਰਦੂਸ਼ਣ ਰੋਕਥਾਮ ਯੰਤਰਾਂ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨੇ ਲਿਆ ਜਾਇਜ਼ਾ

Last Updated: Jan 13 2018 18:00

ਸੂਬੇ ਦੇ ਸਭਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ੁਮਾਰ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ 'ਚ ਹਵਾ ਪ੍ਰਦੂਸ਼ਣ ਤੋਂ ਕੰਟਰੋਲ ਕਰਨ ਸਬੰਧੀ ਫਰਨੇਸ ਇਕਾਈਆਂ 'ਤੇ ਲਗਾਏ ਗਏ ਸਾਈਡ ਹੁਡਸ ਪ੍ਰਦੂਸ਼ਣ ਰੋਕਥਾਮ ਯੰਤਰ ਦਾ ਨਿਰੀਖਣ ਕਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਗੋਬਿੰਦਗੜ ਸ਼ਹਿਰ ਦਾ ਦੌਰਾ ਕਰਕੇ ਪ੍ਰਦੂਸ਼ਣ ਰੋਕਥਾਮ ਯੰਤਰ ਦਾ ਜਾਇਜ਼ਾ ਲਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪ੍ਰਦੂਸ਼ਣ ਰੋਕਥਾਮ ਯੰਤਰ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੌਜੀ, ਚੰਡੀਗੜ੍ਹ ਦੇ ਸਹਿਯੋਗ ਨਾਲ ਉਦਯੋਗਾਂ ਚੋਂ ਨਿਕਲਦੇ ਧੂੰਏ 'ਤੇ ਕਾਬੂ ਪਾਉਣ ਲਈ ਨਜ਼ਦੀਕੀ ਪਿੰਡ ਸਲਾਣੀ ਸਥਿਤ ਆਰ.ਪੀ. ਮਲਟੀਮੈਟਲ ਅਤੇ ਦਸ਼ਮੇਸ਼ ਕਾਸਟਿੰਗ ਪ੍ਰਾਈਵੇਟ ਲਿਮਟਿਡ ਵਿਖੇ ਲਗਾਏ ਗਏ ਹਨ।

ਇਸ ਮੌਕੇ ਪੀ.ਪੀ.ਸੀ.ਬੀ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਨੂੰ ਇਸ ਸਾਲ ਦੇ ਅੰਤ ਤੱਕ ਕਾਫੀ ਹੱਦ ਤੱਕ ਪ੍ਰਦੂਸ਼ਣ ਮੁਕਤ ਕਰ ਲਿਆ ਜਾਵੇਗਾ ਅਤੇ ਇਸ ਕੰਮ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਟੋਮੈਟਿਕ ਏਅਰ ਕੁਆਲਿਟੀ ਮੋਨੀਟਰਿੰਗ ਸਿਸਟਮ ਲਗਾਇਆ ਗਿਆ ਹੈ, ਜਿਸ ਰਾਹੀਂ ਮੰਡੀ ਗੋਬਿੰਦਗੜ੍ਹ ਵਿੱਚ ਰੋਜ਼ਾਨਾ ਵੱਧ ਰਹੇ ਪ੍ਰਦੂਸ਼ਣ ਦੀ ਜਾਣਕਾਰੀ ਮੁਹੱਈਆ ਹੁੰਦੀ ਹੈ। ਗੋਬਿੰਦਗੜ੍ਹ ਸ਼ਹਿਰ ਸੂਬੇ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਚ ਗਿਣਿਆ ਜਾਂਦਾ ਹੈ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਪ੍ਰਦੂਸ਼ਣ ਦੇ ਖਾਤਮੇ ਲਈ ਉਦਯੋਗਪਤੀਆਂ ਦੇ ਸਹਿਯੋਗ ਨਾਲ ਇਸਦਾ ਹੱਲ ਲੱਭਿਆ ਗਿਆ। ਫਰਨੇਸ ਇਕਾਈਆਂ ਵਿੱਚ ਸਾਈਡ ਹੂਡ ਡਿਵਾਈਸ ਲਗਾਏ ਗਏ ਹਨ, ਜਿਸਦੇ ਬਿਹਤਰ ਨਤੀਜੇ ਸਾਹਮਣੇ ਆਏ ਕਿਉਂਕਿ ਸਾਈਡ ਹੁਡਸ ਯੰਤਰ ਲਗਾਉਣ ਨਾਲ 90 ਤੋਂ 95 ਫੀਸਦੀ ਤੱਕ ਭੱਠੀਆਂ ਵਿੱਚੋਂ ਨਿਕਲਦਾ ਧੂੰਆਂ ਬਾਹਰ ਜਾਣਾ ਬੰਦ ਹੋ ਜਾਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਲਗਭਗ 65 ਇੰਡਕਸ਼ਨ ਫਰਨੇਸ ਦੇ ਮਾਲਕਾਂ ਨੂੰ ਇਹ ਯੰਤਰ ਲਗਵਾਉਣ ਲਈ ਸਹਿਮਤ ਕੀਤਾ ਗਿਆ ਹੈ। ਇਹ ਯੰਤਰ ਸਿਰਫ ਇੰਡਕਸ਼ਨ ਫਰਨੇਸ 'ਤੇ ਹੀ ਲਗਾਇਆ ਜਾ ਸਕਦਾ ਹੈ। ਸਮਾਲ ਸਕੇਲ ਦੀਆਂ ਰੋਲਿੰਗ ਮਿਲਾਂ ਦੇ ਪ੍ਰਦੂਸ਼ਣ ਨੂੰ ਕਾਬੂ ਪਾਉਣ ਲਈ ਇੱਥੇ ਪੀ.ਐਨ.ਜੀ ਗੈਸ ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਜਿਸਦੀ ਸਪਲਾਈ ਇਸ ਮਹੀਨੇ ਦੇ ਅੰਤ ਤੱਕ ਮੈਸਰਜ਼ ਚਾਣਕਿਆ ਬੇਕਰੀ, ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਨੂੰ ਮੁਹੱਈਆ ਕਰਵਾਈ ਜਾਵੇਗੀ। ਪੀ.ਐਨ.ਜੀ ਗੈਸ ਦੀ ਸਪਲਾਈ ਮਿਲਣ ਨਾਲ ਜਿਹੜੇ ਉਦਯੋਗਾਂ ਵਿੱਚ ਹੁਣ ਕੋਇਲਾ ਤੇ ਫਰਨੇਸ ਤੇਲ ਵਰਤਿਆ ਜਾਂਦਾ ਹੈ, ਉਨ੍ਹਾਂ ਉਦਯੋਗਾਂ ਚ ਕੁਦਰਤੀ ਗੈਸ ਦੀ ਸਪਲਾਈ ਮਿਲਣ ਨਾਲ ਪ੍ਰਦੂਸ਼ਣ 'ਤੇ ਠੱਲ ਪਾਈ ਜਾ ਸਕੇਗੀ।

ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਵਿਭਾਗ ਵੱਲੋਂ ਤਿਆਰ ਕੀਤੀ ਯੋਜਨਾ ਬਾਰੇ ਚੇਅਰਮੈਨ ਪੰਨੂ ਨੇ ਦੱਸਿਆ ਕਿ ਖੰਨਾ, ਗੋਬਿੰਦਗੜ੍ਹ ਵਿੱਚ ਹਵਾ ਪ੍ਰਦੂਸ਼ਣ ਦਾ ਲੈਵਲ ਬਹੁਤ ਜਿਆਦਾ ਹੈ। ਪ੍ਰਦੂਸ਼ਣ ਦਾ ਧੂੰਏ ਤੋਂ ਇਲਾਵਾ ਦੂਜਾ ਕਾਰਨ ਸੜਕਾਂ ਦੀ ਧੂੜ ਵੀ ਬਣਦੀ ਹੈ ਜੋ ਉਦਯੋਗਾਂ ਵਿੱਚੋਂ ਮਾਲ ਭਰ ਕੇ ਚੱਲਦੇ ਟਰੱਕਾਂ ਦੇ ਕਾਰਨ ਪੈਦਾ ਹੁੰਦੀ ਹੈ। ਵਿਭਾਗ ਵੱਲੋਂ ਇਸਦੀ ਪਹਿਚਾਣ ਗੂਗਲ 'ਤੇ ਜਾ ਕੇ ਕੀਤੀ ਗਈ ਅਤੇ ਧੂੜ ਦੇ ਕਣ ਵੀ ਵੇਖਣ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਇਸਨੂੰ ਰੋਕਣ ਲਈ ਸਥਾਨਕ ਨਗਰ ਕੌਂਸਲਾਂ, ਨੈਸ਼ਨਲ ਹਾਈਵੇ ਅਥਾਰਟੀ, ਟਰੈਫਿਕ ਪੁਲਿਸ ਦੀ ਮਦਦ ਲਈ ਜਾਵੇਗੀ। ਇਸਤੋਂ ਇਲਾਵਾ ਸੜਕਾਂ ਦੇ ਕਿਨਾਰਿਆਂ ਨੂੰ ਹਰਾ-ਭਰਾ ਬਣਾਉਣ ਦੇ ਨਾਲ ਹੀ ਵਾਟਰ ਰੀਚਾਰਜਿੰਗ ਦੇ ਸਿਸਟਮ ਲਗਾਏ ਜਾਣਗੇ ਅਤੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ ਤਾਂ ਜੋ ਧੂੜ ਨਾਲ ਪ੍ਰਦੂਸ਼ਣ ਨਾ ਫੈਲ ਸਕੇ।