ਪੰਜਾਬ ਸਰਕਾਰ ਜਲਦ ਲਿਆਂਦੀ ਜਾਵੇਗੀ ਮਾਈਨਿੰਗ ਪਾਲਿਸੀ

Last Updated: Jan 12 2018 19:14

ਜ਼ਿਲ੍ਹਾ ਪਠਾਨਕੋਟ ਦੇ ਹੇਠ ਆਉਂਦੇ ਵਿਧਾਨਸਭਾ ਹਲਕੇ ਭੋਆ ਵਿਖੇ ਹੋ ਰਹੀ ਨਜਾਇਜ਼ ਮਾਇਨਿੰਗ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਧਰ ਪੱਕੜ ਕੀਤੀ ਜਾ ਰਹੀ ਹੈ। ਨਜਾਇਜ਼ ਮਾਇਨਿੰਗ ਨੂੰ ਲੈਕੇ ਹਲਕਾ ਵਿਧਾਇਕ ਜੋਗਿੰਦਰ ਪਾਲ ਨੇ ਇੱਕ ਬੈਠਕ ਦਾ ਆਯੋਜਨ ਪਿੰਡ ਸੁੰਦਰਚੱਕ ਵਿਖੇ ਪਾਰਟੀ ਦਫਤਰ 'ਚ ਕੀਤਾ। ਜਾਣਕਾਰੀ ਦਿੰਦੇ ਹੋਏ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜੋ ਕਰੈਸ਼ਰ ਮਾਲਕ ਇਲਾਕੇ ਵਿੱਚ ਨਜਾਇਜ਼ ਮਾਇਨਿੰਗ ਕਰਦਾ ਫੜਿਆ ਜਾਂਦਾ ਹੈ, ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿਖੇ 10 ਖੱਡਾਂ ਦੀ ਬੋਲੀ ਹੋਈ ਸੀ ਅਤੇ 10 ਵਿੱਚੋਂ ਦੀ ਇੱਕ ਖੱਡ ਅਦਾਲਤਗੜ੍ਹ ਰੇਤ ਅਤੇ 9 ਖਡਾਂ ਝਾਖੜੀ ਰਾਏ, ਬੇਹੜਿਆਂ, ਬਰਸੂਨ, ਸ਼ਹਿਰ ਛੰਨੀ, ਨਰੰਗਪੁਰ, ਤਲਵਾੜਾ ਜਟਾਂ, ਘੜਰਾ ਅਤੇ ਨਲੂੰਗਾ ਵਿੱਚ ਬਜਰੀ ਦੀ ਬੋਲੀ ਕੀਤੀ ਗਈ ਸੀ, ਪਰ ਕਰੈਸ਼ਰ ਮਾਲਕ ਇੰਨਾ ਦੇ ਅਲਾਵਾ ਨਜਾਇਜ਼ ਮਾਇਨਿੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਂਦੇ ਹੀ ਗੁੰਡਾ ਟੈਕਸ ਪਰਚੀ ਅਤੇ ਨਜਾਇਜ਼ ਮਾਇਨਿੰਗ ਨੂੰ ਠੱਲ ਪਾਈ ਜਾ ਰਹੀ ਹੈ। ਜੱਦ ਹਲਕਾ ਵਿਧਾਇਕ ਨੂੰ 2 ਮਾਇਨਿੰਗ ਠੇਕੇਦਾਰਾਂ ਦੇ ਸਬੰਧ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਕੋਲ ਖੱਡਾਂ ਦੀ ਬੋਲੀ ਦਿੱਤੀ ਗਈ ਹੈ, ਉਸ ਕੋਲੇ ਸਬੂਤ ਹਨ। ਕਰੈਸ਼ਰ ਮਾਲਕ ਉਨ੍ਹਾਂ ਦੇ ਸਬੂਤ ਦੇਖ ਕੇ ਹੀ ਮਾਇੰਨਿੰਗ ਦੇਣ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਪੰਜਾਬ ਸਰਕਾਰ ਮਾਇਨਿੰਗ ਪਾਲਿਸੀ ਲਿਆਉਣ ਜਾ ਰਹੀ ਹੈ, ਜਿਸਦੇ ਆਉਂਦੇ ਹੀ ਰੇਤ ਅਤੇ ਬਜਰੀ ਦੇ ਰੇਟਾਂ ਵਿੱਚ ਵੀ ਕਮੀ ਹੋਵੇਗੀ।