ਪਿਓ ਦੀ ਲਾਇਸੰਸੀ ਰਾਇਫਲ ਨਾਲ ਹਵਾਈ ਫਾਇਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ

Jatinder Singh
Last Updated: Jan 14 2018 14:33

ਜੇਬ ਖਰਚ ਲਈ ਰੁਪਏ ਦੇਣ ਤੋਂ ਮਾਂ ਵੱਲੋਂ ਇਨਕਾਰ ਕਰ ਦਿੱਤੇ ਜਾਣ ਤੋਂ ਬਾਅਦ ਤੈਸ਼ 'ਚ ਆਏ ਨੌਜਵਾਨ ਵੱਲੋਂ ਮਾਪਿਆਂ ਵਿੱਚ ਡਰ ਪੈਦਾ ਕਰਨ ਲਈ ਪਿਤਾ ਦੀ ਲਾਇਸੰਸੀ ਰਾਈਫਲ ਦੇ ਨਾਲ ਹਵਾਈ ਫਾਇਰ ਕਰਨਾ ਕਾਫੀ ਮਹਿੰਗਾ ਸਾਬਤ ਹੋਇਆ। ਨਜ਼ਦੀਕੀ ਪਿੰਡ ਝਕੜੌਦੀ 'ਚ ਵਿਅਕਤੀ ਵੱਲੋਂ ਹਵਾਈ ਫਾਇਰ ਕੀਤੇ ਜਾਣ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਫਾਇਰਿੰਗ ਕਰਨ ਵਾਲੇ ਨੌਜਵਾਨ ਅਤੇ ਲਾਇਸੰਸੀ ਰਾਈਫਲ ਨੂੰ ਕਬਜ਼ੇ 'ਚ ਲੈਕੇ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ।

ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਝਕੜੌਦੀ ਦੇ ਰਹਿਣ ਵਾਲੇ ਗੁਰਵੀਰ ਸਿੰਘ ਨੇ ਲੋਹੜੀ ਵਾਲੇ ਦਿਨ ਆਪਣੀ ਮਾਂ ਰਜਿੰਦਰਪਾਲ ਕੌਰ ਕੋਲੋਂ ਆਪਣੇ ਖਰਚੇ ਲਈ ਰੁਪਏ ਦੇਣ ਦੀ ਮੰਗ ਸ਼ੁਰੂ ਕਰ ਦਿੱਤੀ। ਮਾਂ ਵੱਲੋਂ ਉਸ ਕੋਲ ਰੁਪਏ ਨਾ ਹੋਣ ਕਾਰਨ ਉਸਨੂੰ ਇਨਕਾਰ ਕਰ ਦਿੱਤਾ। ਜਿਸਦੇ ਬਾਅਦ ਗੁਰਵੀਰ ਨੇ ਮਾਂ ਤੋਂ ਅਲਮਾਰੀ ਦੀਆਂ ਚਾਬੀਆਂ ਮੰਗਣਾ ਸ਼ੁਰੂ ਕਰ ਦਿੱਤਾ, ਜਦੋਂ ਉਸਦੀ ਮਾਂ ਨੇ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਤੈਸ਼ 'ਚ ਆਇਆ ਗੁਰਵੀਰ ਸਿੰਘ ਆਪਣੇ ਪਿਤਾ ਦਾ ਲਾਇਸੰਸੀ ਰਾਈਫਲ ਚੁੱਕ ਲਿਆਇਆ ਅਤੇ ਮਾਪਿਆਂ ਵਿੱਚ ਦਹਿਸ਼ਤ ਫੈਲਾਉਣ ਲਈ ਉਸਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਗੋਲੀ ਚੱਲਣ ਦੀ ਆਵਾਜ਼ ਸੁਣਕੇ ਪਿੰਡ 'ਚ ਦਹਿਸ਼ਤ ਫੈਲ ਗਈ ਅਤੇ ਆਸ ਪੜੋਸ ਲੋਕ ਇਕੱਠੇ ਹੇ ਗਏ, ਜਿਨ੍ਹਾਂ ਨੇ ਗੁਰਵੀਰ ਨੂੰ ਕਾਬੂ ਕਰਕੇ ਉਸ ਪਾਸੋਂ ਰਾਈਫਲ ਨੂੰ ਖੋਹਕੇ ਆਪਣੇ ਕਬਜ਼ੇ 'ਚ ਲਿਆ। 

ਇਸੇ ਦੌਰਾਨ ਨੌਜਵਾਨ ਵੱਲੋ ਫਾਇਰਿੰਗ ਕੀਤੇ ਜਾਣ ਸਬੰਧੀ ਪੁਲਿਸ ਕੋਲ ਸੂਚਨਾ ਪਹੁੰਚ ਗਈ ਅਤੇ ਬਾਅਦ 'ਚ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚਕੇ ਨੌਜਵਾਨ ਨੂੰ ਕਾਬੂ ਕਰਕੇ ਰਾਈਪਫਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਥਾਣਾ ਸਮਰਾਲਾ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਲਾਇਸੰਸੀ ਰਾਈਫਲ ਦੇ ਨਾਲ ਗੋਲੀਆਂ ਚਲਾਉਣ ਵਾਲੇ ਗੁਰਵੀਰ ਸਿੰਘ ਦੀ ਮਾਂ ਰਜਿੰਦਰਪਾਲ ਕੌਰ ਦੇ ਬਿਆਨਾਂ 'ਤੇ ਉਕਤ ਨੌਜਵਾਨ ਦੇ ਖਿਲਾਫ ਹਵਾਈ ਫਾਇਰ ਕਰਨ ਅਤੇ ਦਹਿਸ਼ਤ ਫੈਲਾਉਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।