ਪਾਣੀ ਦੇ ਰੇਟ ਅਚਾਨਕ ਵਧਾਉਣ ਦਾ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Last Updated: Jan 13 2018 19:43

ਪਠਾਨਕੋਟ ਦੇ ਅੱਧ ਪਹਾੜੀ ਇਲਾਕੇ ਧਾਰਕਲਾਂ ਵਿੱਚ ਸ਼ੁਰੂ ਤੋਂ ਹੀ ਪੀਣ ਦੇ ਪਾਣੀ ਦੀ ਸਮੱਸਿਆ ਹੈ। ਲੋਕਾਂ ਵਿੱਚ ਜਿੱਥੇ ਵਰਤੋਂ ਦੇ ਲਈ ਪਾਣੀ ਨਾ ਮਿਲਣ ਦੇ ਕਾਰਨ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਰਿਹਾ ਹੈ, ਉੱਥੇ ਹੀ ਬਿਨਾਂ ਪਾਣੀ ਦੇ 70 ਰੁਪਏ ਪ੍ਰਤੀ ਮਹੀਨਾ ਪਾਣੀ ਦੇ ਬਿਲਾਂ ਦਾ ਵੀ ਭਾਰੀ ਵਿਰੋਧ ਦੇਖਣ ਨੂੰ ਮਿਲਦਾ ਰਿਹਾ ਹੈ। ਮਗਰ ਹੁਣ ਅਚਾਨਕ ਜਲ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਾਣੀ ਦੇ ਰੇਟ 'ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਧਾਰਕਲਾਂ 'ਚ ਲੋਕਾਂ ਨੇ ਵਾਟਰ ਸਪਲਾਈ ਦੇ ਬਿਲਾਂ 'ਚ ਵਾਧਾ ਦੇਖ ਕੇ ਵਿਭਾਗ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਰੋਸ ਮੁਜ਼ਾਹਰਾ ਕੀਤਾ। 

ਇਸ ਮੌਕੇ ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਮਹਿੰਦਰ ਸਿੰਘ, ਬੋਧ ਰਾਜ ਅਤੇ ਹੋਰਨਾਂ ਨੇ ਕਿਹਾ ਕਿ ਇੱਕ ਪਾਸੇ ਪੂਰਾ ਬਲਾਕ ਧਾਰਕਲਾਂ ਆਰਥਿਕ ਮੰਦਹਾਲੀ ਤੋਂ ਗੁਜ਼ਰ ਰਿਹਾ ਹੈ। ਉੱਪਰੋਂ ਦੀ ਬਿਜਲੀ ਪਾਣੀ ਦੇ ਭਾਰੀ ਭਰਕਮ ਬਿਲਾਂ ਦਾ ਬੋਝ ਲੋਕਾਂ ਦੇ ਲਈ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਕਈ ਥਾਵਾਂ 'ਤੇ ਦੋ ਤਿੰਨ ਦਿਨ ਬਾਅਦ ਵੀ ਪੀਣ ਯੋਗ ਪਾਣੀ ਨਸੀਬ ਨਹੀਂ ਹੁੰਦਾ। ਮਗਰ ਵਿਭਾਗ ਆਪਣੀ ਨਾਲਾਇਕੀ ਨੂੰ ਸੁਧਾਰਨ ਦੀ ਬਜਾਏ ਹਰ ਮਹੀਨੇ 70 ਰੁਪਏ ਪਾਣੀ ਦਾ ਬਿਲ ਵਸੂਲ ਰਿਹਾ ਹੈ। ਜੋ ਕਿ ਲੋਕਾਂ ਉੱਪਰ ਬਿਨਾਂ ਵਜਾ ਬੋਝ ਹੈ। ਜੇਕਰ ਹੁਣ ਵਿਭਾਗ ਨੇ ਪਾਣੀ ਦੇ ਬਿਲ ਵਿੱਚ ਵਾਧਾ ਕਰ ਕੇ 140 ਰੁਪਏ ਪ੍ਰਤਿ ਮਹੀਨਾ ਕਰ ਦਿੱਤਾ ਹੈ, ਜੋ ਸਾਨੂੰ ਮਨਜ਼ੂਰ ਨਹੀਂ ਹੈ। ਪਹਿਲੇ ਵਿਭਾਗ ਆਪਣੀ ਨਾਲਾਇਕੀ ਨੂੰ ਸੁਧਾਰ ਕੇ ਹਰ ਘਰ ਵਿੱਚ ਰੋਜ਼ਾਨਾ ਪਾਣੀ ਦੀ ਪੂਰਤੀ ਨੂੰ ਯਕੀਨੀ ਬਣਾਏ ਤੱਦ ਪਾਣੀ ਦੇ ਬਿਲਾਂ ਵਿੱਚ ਵਾਧੇ ਬਾਰੇ ਵਿਚਾਰ ਕਰੇ।

ਉਨ੍ਹਾਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਕਿ ਧਾਰਕਲਾਂ ਦੇ ਲੋਕਾਂ ਦੀ ਆਰਥਿਕ ਹਾਲਤ ਬੇਹੱਦ ਕਮਜ਼ੋਰ ਹੈ। ਇੱਥੇ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੈ ਇਸ ਲਈ ਇਸ ਪ੍ਰਕਾਰ ਦੇ ਆਰਥਿਕ ਬੋਝ ਲੋਕਾਂ ਉੱਪਰ ਨਾ ਪਾਏ ਜਾਣ।