ਪਤਾ ਨਹੀਂ ਹੁਣ ਐਲਰਜੀ ਕਿਉਂ ਹੋਣ ਲੱਗ ਪਈ ਹੈ, ਕੈਪਟਨ ਤੋਂ, ਪਟਿਆਲਵੀਆਂ ਨੂੰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 15:12
Reading time: 2 mins, 1 sec

ਸਿਆਸੀ ਚੂੰਢਮਾਰਾਂ ਅਨੁਸਾਰ ਲੱਗਦੈ ਕਿ, ਪਟਿਆਲਵੀਆਂ ਨੂੰ ਅਜੇ ਤੱਕ ਵੀ ਯਾਦ ਹੈ ਕਿ, ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਉਸ ਨੂੰ ਪੂਰਾ ਨਹੀਂ ਸੀ ਕੀਤਾ, ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਤੇ ਮਾਸਟਰਾਂ ਨੂੰ ਭਿਉਂ ਭਿਉਂ ਕੇ ਕੁੱਟਿਆ ਸੀ, ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ, ਉਨ੍ਹਾਂ ਨੇ ਸਹੁੰ ਖਾ ਕੇ ਵੀ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕੀਤਾ, ਸਮਗਲਰ ਨਹੀਂ ਫੜੇ। ਸ਼ਾਇਦ ਪਟਿਆਲਾ ਵਾਲੇ ਇਹ ਵੀ ਨਹੀਂ ਭੁੱਲੇ ਕਿ, ਕੈਪਟਨ ਨੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਨੌਕਰੀਆਂ ਨਹੀਂ ਦਿੱਤੀਆਂ ਤੇ ਨਾ ਹੀ ਖੇਡਣ ਲਈ ਸਮਾਰਟ ਫ਼ੋਨ ਦਿੱਤੇ ਹਨ।

ਚੂੰਢੀਮਾਰ ਕਹਿੰਦੇ ਹਨ ਕਿ, ਜੇਕਰ ਪਟਿਆਲਾ ਵਾਲੇ ਇਹ ਸਾਰੀਆਂ ਗੱਲਾਂ ਭੁੱਲ ਚੁੱਕੇ ਹੁੰਦੇ ਤਾਂ, ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾਂ ਅਣਗੌਲਿਆ ਕਦੇ ਵੀ ਨਹੀਂ ਸੀ ਕਰਨਾ, ਜਿਨ੍ਹਾਂ ਕਿ ਉਹ ਹੁਣ ਕਰਨ ਲੱਗ ਪਏ ਹਨ। ਸਿਆਸੀ ਪੰਡਤਾਂ ਅਨੁਸਾਰ ਜੋ ਕੁਝ ਕੱਲ੍ਹ ਦੀ ਪਟਿਆਲਾ ਰੈਲੀ ਦੇ ਦੌਰਾਨ ਵੇਖਣ ਨੂੰ ਮਿਲਿਆ ਉਸ ਨੂੰ ਵੇਖ ਕੇ, ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ, ਪਟਿਆਲਾ ਵਾਲੇ ਕੈਪਟਨ ਤੋਂ ਖ਼ਫ਼ਾ ਹਨ। 

ਪ੍ਰਤੱਖ ਦਰਸ਼ਕਾਂ ਅਨੁਸਾਰ, ਕਾਂਗਰਸ ਵੱਲੋਂ ਪ੍ਰਨੀਤ ਕੌਰ ਦੇ ਹੱਕ 'ਚ ਪਟਿਆਲਾ ਵਿੱਚ ਕੀਤੀ ਗਈ ਰੈਲੀ ਦੇ ਦੌਰਾਨ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਭਾਸ਼ਣ ਦੇਣ ਲਈ ਖ਼ੜੇ ਹੋਏ, ਲੋਕ ਪੰਡਾਲ 'ਚੋਂ ਉੱਠ ਕੇ ਬਾਹਰ ਜਾਣ ਲੱਗ ਪਏ। ਕਹਿੰਦੇ ਹਨ ਕਿ, ਸਟੇਜ ਸੈਕਟਰੀ ਨੇ ਵੀ ਲੋਕਾਂ ਨੂੰ ਬੈਠ ਜਾਣ ਲਈ ਵਾਰ ਵਾਰ ਬੇਨਤੀ ਕੀਤੀ ਗਈ ਪਰ, ਉਨ੍ਹਾਂ ਦੀ ਬੇਨਤੀਆਂ ਵੀ ਲੋਕਾਂ ਨੂੰ ਰੋਕ ਪਾਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ। ਪ੍ਰਤੱਖ ਦਰਸ਼ਕਾਂ ਅਨੁਸਾਰ ਕੈਪਟਨ ਦਾ ਭਾਸ਼ਣ ਅੱਧਾ ਵੀ ਨਹੀਂ ਮੁੱਕਿਆ ਕਿ, ਪੰਡਾਲ ਦੀਆਂ ਅੱਧੀਆਂ ਕੁਰਸੀਆਂ ਖ਼ਾਲੀ ਹੋ ਗਈਆਂ। 

ਰਾਜਸੀ ਪੰਡਤ, ਲੋਕਾਂ ਵੱਲੋਂ ਇਸ ਤਰ੍ਹਾਂ ਨਾਲ ਕੈਪਟਨ ਨੂੰ ਅਣਗੌਲਿਆ ਕਰਨ ਨੂੰ ਬਦਸ਼ਗਨੀ ਮੰਨ ਰਹੇ ਹਨ। ਪੰਡਤਾਂ ਦਾ ਮੰਨਣਾ ਹੈ ਕਿ, ਜੇਕਰ ਸਿਰਫ਼ ਦੋ ਦਿਨ ਰਹਿ ਗਏ ਹਨ ਵੋਟਾਂ ਨੂੰ ਜੇਕਰ, ਕੈਪਟਨ ਨੇ ਛੇਤੀ ਹੀ ਕੋਈ ਚੰਗਾ ਉਪਾਅ ਨਾ ਕਰਵਾਇਆ ਤਾਂ ਪਟਿਆਲਵੀਆਂ ਦੀਆਂ ਪ੍ਰਨੀਤ ਕੌਰ ਦੀਆਂ ਵੋਟਾਂ ਟੁੱਟ ਸਕਦੀਆਂ ਹਨ। ਪੰਡਤਾਂ ਦੀਆਂ ਭਵਿੱਖਬਾਣੀਆਂ ਸੱਚੀਆਂ ਸਾਬਤ ਹੁੰਦੀਆਂ ਹਨ ਜਾਂ ਝੂਠੀਆਂ ਇਹ ਤਾਂ 23 ਨੂੰ ਹੀ ਪਤਾ ਚੱਲੇਗਾ ਪਰ, ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ, ਸਿਆਸੀ ਤੌਰ ਤੇ ਇਹ ਕੋਈ ਚੰਗੇ ਸੰਕੇਤ ਨਹੀਂ ਹਨ। 

ਦੋਸਤੋ, ਜੇਕਰ ਪਟਿਆਲਵੀ ਆਮ ਦਿਨਾਂ ਵਿੱਚ ਰਾਜਾ ਜੀ ਨੂੰ ਅਣਗੌਲਿਆ ਕਰਦੇ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਕੋਈ ਫ਼ਰਕ ਨਹੀਂ ਸੀ ਪੈਣਾ ਪਰ, ਕਿਉਂਕਿ ਵੋਟਾਂ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਹੈ, ਇਸ ਲਈ ਇਸ ਦਾ ਕਾਂਗਰਸ ਨੂੰ ਖ਼ਾਸ ਕਰਕੇ ਪ੍ਰਨੀਤ ਕੌਰ ਨੂੰ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ। ਪਤਾ ਨਹੀਂ ਕੈਪਟਨ ਤੋਂ ਐਲਰਜੀ ਕਿਉਂ ਹੋ ਹੋਣ ਲੱਗ ਪਈ ਹੈ ਹੁਣ, ਪਟਿਆਲਵੀਆਂ ਨੂੰ? 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।