ਨਸ਼ੀਲਾ ਪਾਊਡਰ ਤਸਕਰੀ ਕਰਨ ਦੇ ਦੋਸ਼ੀ ਨੂੰ ਇੱਕ ਸਾਲ ਦੀ ਕੈਦ

Jatinder Singh
Last Updated: Feb 13 2018 15:01

ਕਰੀਬ ਸਾਢੇ ਤਿੰਨ ਸਾਲ ਪਹਿਲਾਂ ਨਸ਼ੀਲੇ ਪਾਊਡਰ ਸਮੇਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਨੂੰ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸਨ ਜੱਜ ਦੀ ਅਦਾਲਤ ਨੇ ਇੱਕ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਇਸਦੇ ਨਾਲ ਹੀ ਦੋਸ਼ੀ ਨੂੰ ਪੰਜ ਹਜਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮ ਜਗਦੀਪ ਸਿੰਘ ਵਾਸੀ ਸੁਧਾਰ ਨੂੰ ਨਸ਼ੀਲਾ ਪਾਊਡਰ ਰੱਖਣ ਦੇ ਦੋਸ਼ਾਂ ਦੇ ਤਹਿਤ ਕਾਬੂ ਕਰਕੇ, ਉਸਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਥਾਣਾ ਸੁਧਾਰ ਦੇ ਪੁਲਿਸ ਮੁਲਾਜ਼ਮਾਂ ਵੱਲੋਂ 22 ਮਈ 2014 ਨੂੰ ਨਜ਼ਦੀਕੀ ਪਿੰਡ ਅਕਾਲਗੜ ਤੋਂ ਰੱਤੋਵਾਲ ਨੂੰ ਜਾਣ ਵਾਲੀ ਸੜਕ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਅਧਾਰ 'ਤੇ ਚੈਕਿੰਗ ਲਈ ਰੋਕਿਆ ਗਿਆ। ਇਸ ਦੌਰਾਨ ਤਲਾਸ਼ੀ ਲੈਣ 'ਤੇ ਉਸਦੇ ਕਬਜ਼ੇ ਚੋਂ ਪੁਲਿਸ ਨੂੰ 50 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਹੋਇਆ ਸੀ। ਜਿਸਦੇ ਬਾਅਦ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਜਗਦੀਪ ਸਿੰਘ ਵਾਸੀ ਪਿੰਡ ਸੁਧਾਰ ਵਜੋਂ ਹੋਈ ਸੀ। ਜਿਸਦੇ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਸੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨਤਾਰਨ ਸਿੰਘ ਬਿੰਦਰਾ ਦੀ ਅਦਾਲਤ ਨੇ ਪੁਲਿਸ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਲਗਾਏ ਗਏ ਨਸ਼ਾ ਤਸਕਰੀ ਦੇ ਦੋਸ਼ਾਂ ਨੂੰ ਸਹੀ ਠਹਿਰਾਉਂਦੇ ਹੋਏ ਜਗਦੀਪ ਸਿੰਘ ਨੂੰ ਇੱਕ ਸਾਲ ਕੈਦ ਦੀ ਸਜਾ ਸੁਣਾਈ ਹੈ। ਇਸਤੋਂ ਇਲਾਵਾ ਉਸਨੂੰ 5 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੇਕਰ ਉਸਨੇ ਜੁਰਮਾਨਾ ਅਦਾ ਨਾ ਕੀਤਾ ਤਾਂ ਉਸਨੂੰ ਇੱਕ ਮਹੀਨੇ ਦੀ ਵੱਢ ਸਜ਼ਾ ਭੁਗਤਣੀ ਪਵੇਗੀ।