ਨਗਰ ਕੀਰਤਨ ਲਈ ਅੱਠ ਪਿੰਡਾਂ ਦੀਆਂ ਸੜਕਾਂ ਦੀ ਕਾਰ ਸੇਵਾ ਨੇ ਬਦਲੀ ਨੁਹਾਰ

Last Updated: Jan 11 2018 19:46

ਮਾਘੀ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਇਲਾਕੇ ਦੇ ਪਿੰਡਾਂ ਦੀਆਂ ਸੜਕਾਂ ਦੇ ਬਰਮਾਂ ਨੂੰ ਮਜ਼ਬੂਤ ਕਰਨ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁਹਿੰਮ ਆਰੰਭੀ ਹੋਈ ਹੈ। ਹਰ ਸਾਲ ਦੀ ਤਰ੍ਹਾਂ ਨਿਰਮਲ ਕੁਟੀਆ ਸੀਚੇਵਾਲ ਤੋਂ ਮਾਘੀ ਵਾਲੇ ਦਿਨ ਚਾਲੀ ਮੁਕਤਿਆਂ ਦੀ ਯਾਦ ਵਿੱਚ ਨਗਰ ਕੀਰਤਨ ਦਾ ਅਯੋਜਨ ਕੀਤਾ ਜਾਂਦਾ ਹੈ। ਇਹ ਨਗਰ ਕੀਰਤਨ ਇਲਾਕੇ ਦੇ ਅੱਠ ਪਿੰਡਾਂ ਦੇ ਵਿੱਚੋਂ ਦੀ ਹੋਕੇ ਲੰਘੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅਤੇ ਸੰਗਤਾਂ ਦੇ ਲਾਂਘੇ ਲਈ ਸੜਕਾਂ ਨੂੰ ਪਿੱਛਲੇ ਕਈ ਦਿਨਾਂ ਤੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸਵਾਰਿਆ ਜਾ ਰਿਹਾ ਹੈ। ਇੰਨ੍ਹਾਂ ਪਿੰਡਾਂ ਦੀਆਂ ਸੜਕਾਂ ਦੇ ਬਰਮਾਂ ਨੂੰ ਬਣਾਉਣ ਲਈ ਤਿੰਨ ਜੇ.ਸੀ.ਬੀ ਸਮੇਤ ਅੱਧੀ ਦਰਜਨ ਤੋਂ ਵੱਧ ਟ੍ਰੈਕਟਰ ਲੱਗੇ ਹੋਏ ਹਨ। ਜਿਹੜੇ ਪਿੰਡਾਂ ਵਿੱਚੋਂ ਦੀ ਨਗਰ ਕੀਰਤਨ ਲੰਘੇਗਾ, ਉਨ੍ਹਾਂ ਵਿੱਚ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੈਵਾਲ ਅੱਡਾ, ਮਹਿਮੂਵਾਲ ਤੇ ਮਾਲੂਪੁਰ ਸ਼ਾਮਿਲ ਹਨ।

ਇੰਨ੍ਹਾਂ ਪਿੰਡਾਂ ਦੀਆਂ ਸੜਕਾਂ ਦੇ ਬਰਮਾਂ ਨੂੰ ਮਜ਼ਬੂਤ ਕਰਨ ਲਈ ਉਚੇਚੇ ਤੌਰ 'ਤੇ ਮਿੱਟੀ ਪਾਈ ਜਾ ਰਹੀ ਹੈ। ਮਿੱਟੀ ਪਾਉਣ ਦੀ ਚੱਲ ਰਹੀ ਕਾਰ ਸੇਵਾ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲਦੀ ਹੈ। ਸੜਕਾਂ ਦੇ ਬਰਮਾਂ ਨੂੰ ਮਜ਼ਬੂਤ ਕਰਨ ਨਾਲ ਸੜਕਾਂ ਚੌੜੀਆਂ ਹੋ ਗਈਆਂ ਹਨ ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਖੇਤਾਂ ਵਿੱਚੋਂ ਭਰੀਆਂ ਟਰਾਲੀਆਂ ਨਾਲ ਕੱਢਣ ਵਿੱਚ ਵਧੇਰੇ ਸੌਖ ਹੋਵੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸੜਕਾਂ ਅਸਲ ਵਿੱਚ ਜੀਵਨ ਰੇਖਾਵਾਂ ਹੁੰਦੀਆਂ ਹਨ। ਆਮ ਤੌਰ 'ਤੇ ਪੇਂਡੂ ਇਲਾਕਿਆਂ ਦੀਆਂ ਸੜਕਾਂ ਅਕਸਰ ਟੁੱਟੀਆਂ ਹੀ ਰਹਿੰਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ। ਸੰਤ ਸੀਚੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਜਾਏ ਸਰਕਾਰਾਂ 'ਤੇ ਟੇਕ ਰੱਖਣ ਦੀ ਥਾਂ ਆਪਣੇ ਰਸਤੇ ਰਲ-ਮਿੱਲ ਕੇ ਆਪ ਸਵਾਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸ਼ਕਤੀ ਵਿੱਚ ਸਭ ਤੋਂ ਵੱਧ ਤਾਕਤ ਹੁੰਦੀ ਹੈ। ਇਲਾਕੇ ਦੀਆਂ ਸੜਕਾਂ ਦੀ ਮਜ਼ਬੂਤੀ ਕਰਨ ਲਈ ਕੀਤੀ ਜਾ ਰਹੀ ਕਾਰ ਸੇਵਾ ਵਿੱਚ ਸੰਗਤਾਂ ਆਪਣਾ ਪੂਰਾ ਯੋਗਦਾਨ ਪਾ ਰਹੀਆਂ ਹਨ।