ਦੀਵਾਰ ਨਾਲ ਟਕਰਾ ਕੇ ਆਟੋ ਪਲਟਿਆ, ਡਰਾਈਵਰ ਦੀ ਮੌਤ

Last Updated: Jan 13 2018 12:31

ਖੰਨਾ ਦੇ ਨਜ਼ਦੀਕੀ ਪਿੰਡ ਮਿਹਰਬਾਨ ਕੋਲ ਬੀਤੀ ਰਾਤ ਆਟੋ ਰਿਕਸ਼ਾ ਪਲਾਟ ਦੀ ਦੀਵਾਰ ਦੇ ਨਾਲ ਟਕਰਾਉਣ ਕਾਰਨ ਪਲਟ ਗਿਆ ਅਤੇ ਗੰਭੀਰ ਰੂਪ 'ਚ ਜਖਮੀ ਹੋਏ ਆਟੋ ਡਰਾਈਵਰ ਦੀ ਹਸਪਤਾਲ 'ਚ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਆਟੋ ਚਾਲਕ ਦੀ ਪਹਿਚਾਣ ਸਤਨਾਮ ਸਿੰਘ (25) ਵਾਸੀ ਪਿੰਡ ਮਿਹਰਬਾਨ ਦੇ ਤੌਰ 'ਤੇ ਹੋਈ ਹੈ। ਪੁਲਿਸ ਨੇ ਹਾਦਸੇ ਸਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਮਿਹਰਬਾਨ ਇਲਾਕੇ ਦਾ ਰਹਿਣ ਵਾਲਾ ਸਤਨਾਮ ਸਿੰਘ ਪੇਸ਼ੇ ਤੋਂ ਆਟੋ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣਾ ਕੰਮ ਨਿਪਟਾਉਣ ਦੇ ਬਾਅਦ ਆਟੋ ਲੈ ਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਰਸਤੇ 'ਚ ਉਸਦਾ ਆਟੋ ਬੇਕਾਬੂ ਹੋ ਕੇ ਇੱਕ ਪਲਾਟ ਦੀ ਦੀਵਾਰ ਨਾਲ ਟਕਰਾ ਕੇ ਪਲਟ ਗਿਆ। ਆਟੋ ਪਲਟਣ ਦੇ ਚੱਲਦੇ ਚਾਲਕ ਉਸਦੇ ਥੱਲੇ ਆਉਣ ਕਾਰਨ ਗੰਭੀਰ ਰੂਪ 'ਚ ਜਖਮੀ ਹੋ ਗਿਆ। ਘਟਨਾ ਵਾਲੀ ਥਾਂ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਆਟੋ ਥੱਲੇ ਤੋਂ ਬਾਹਰ ਕੱਢ ਕੇ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਪਹੁੰਚਾਇਆ। ਜਿੱਥੇ ਕੁਝ ਦੇਰ ਬਾਅਦ ਉਸਦੀ ਇਲਾਜ ਦੌਰਾਨ ਮੌਤ ਹੋ ਗਈ।

ਹਾਦਸੇ ਸਬੰਧੀ ਸੂਚਨਾ ਮਿਲਣ ਦੇ ਉਪਰੰਤ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਦੇ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਵੇਰੇ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰ ਦਿੱਤਾ।