ਤੇਜ਼ਾਬੀ ਹਮਲੇ ਨੂੰ ਕਿਸੇ ਵੀ ਸਿਆਸੀ ਪਾਰਟੀ ਨੇ ਨਾ ਬਣਾਇਆ ਮੁੱਦਾ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 16:55
Reading time: 3 mins, 53 secs

ਸਾਡੇ ਦੇਸ਼ ਦੇ ਅੰਦਰ ਰੋਜ਼ਾਨਾ ਹੀ ਕਿਸੇ ਨਾ ਕਿਸੇ ਇਲਾਕੇ ਦੇ ਅੰਦਰ ਲੜਕੀਆਂ ਦੇ ਉੱਪਰ ਤੇਜ਼ਾਬ ਸੁੱਟਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਭਾਵੇਂ ਹੀ ਤੇਜ਼ਾਬ ਸੁੱਟਣ ਵਾਲਿਆਂ ਦੇ ਵਿਰੁੱਧ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ, ਪਰ ਉਹ ਨਾ-ਮਾਤਰ ਹੀ ਸਾਬਤ ਹੁੰਦੀ ਹੈ। ਕਈ ਜਗਾਵਾਂ 'ਤੇ ਤੇਜ਼ਾਬ ਸੁੱਟਣ ਵਾਲਿਆਂ ਦੀ ਪਛਾਣ ਹੀ ਨਹੀਂ ਹੋ ਪਾਉਂਦੀ, ਜਿਸ ਦੇ ਕਾਰਨ ਤੇਜ਼ਾਬ ਪੀੜਤਾਂ ਸਾਰੀ ਉਮਰ ਹੀ ਆਪਣੇ ਦੁੱਖ ਭੋਗਦੀਆਂ ਰਹਿੰਦੀਆਂ ਹਨ ਅਤੇ ਆਪਣੀ ਸ਼ਕਲ ਨੂੰ ਵੇਖ ਕੇ ਰੋਂਦੀਆਂ ਕੁਰਲਾਉਂਦੀਆਂ ਹਨ।

ਕਈ ਪੀੜਤਾਂ ਤਾਂ ਵਿਚਾਰੀਆਂ ਇਨਸਾਫ਼ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾਂਦਿਆਂ-ਖਾਂਦਿਆਂ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੀਆਂ ਹਨ। ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਪਾਉਂਦਾ। ਭਾਵੇਂ ਹੀ ਸਾਡਾ ਸਮਾਜ ਅੱਜ ਬਹੁਤ ਤਰੱਕੀ ਕਰ ਚੁੱਕਿਆ ਹੈ, ਪਰ ਤੇਜ਼ਾਬ ਦੇ ਹਮਲੇ ਉਨ੍ਹਾਂ ਨੂੰ ਨਹੀਂ ਰੋਕ ਰਹੇ। ਤੇਜ਼ਾਬੀ ਹਮਲਿਆਂ ਦਾ ਸਿੱਧਾ ਅਸਰ ਜਿੱਥੇ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਤੇ ਪੈ ਰਿਹਾ ਹੈ, ਉੱਥੇ ਹੀ ਇਹ ਹਮਲੇ ਇਹ ਸਾਬਤ ਕਰਦੇ ਹਨ ਕਿ ਸਾਡੇ ਲੋਕਾਂ ਦੀ ਸੋਚ ਬਹੁਤ ਹੀ ਘੱਟ ਚੁੱਕੀ ਹੈ। 

ਦੋਸਤੋ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਕਾਫ਼ੀ ਜ਼ਿਆਦਾ ਗਰਮਾਇਆ ਹੋਇਆ ਹੈ। ਹਰ ਸਿਆਸੀ ਪਾਰਟੀ ਦੇ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੋਣਾਂ ਲੜੀਆਂ ਜਾ ਰਹੀਆਂ ਹਨ। ਭਾਵੇਂ ਹੀ ਇੱਕ-ਦੂਜੇ ਨੂੰ ਇਹ ਪਾਰਟੀਆਂ ਚੋਰ ਤੋਂ ਇਲਾਵਾ ਚੌਕੀਦਾਰ ਤੋਂ ਲੈ ਕੇ ਹੋਰ ਕਈ ਨਾਵਾਂ ਦੇ ਨਾਲ ਪੁਕਾਰ ਰਹੀਆਂ ਹਨ। ਪਰ ਦੋਸਤੋ, ਵੇਖਿਆ ਜਾਵੇ ਤਾਂ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਮੁੱਖ ਮੁੱਦੇ ਜੋ ਹਨ, ਉਨ੍ਹਾਂ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।

ਨੌਜਵਾਨਾਂ ਦੀ ਮੁੱਖ ਮੰਗ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਮਿਲੇ, ਚੰਗੀ ਵਿੱਦਿਆ ਮਿਲੇ ਅਤੇ ਕਿਸਾਨਾਂ ਦੀ ਮੰਗ ਹੈ ਕਿ ਕਰਜ਼ੇ ਮੁਆਫ਼ ਹੋਣ। ਆਮ ਲੋਕਾਂ ਦੀ ਮੰਗ ਹੈ ਕਿ ਸਿਹਤ ਸਹੂਲਤਾਂ ਅਤੇ ਸੜਕਾਂ ਚੰਗੀਆਂ ਹੋਣ। ਇਸ ਤੋਂ ਇਲਾਵਾ ਇੱਕ ਵਰਗ ਅਜਿਹਾ ਵੀ ਹੈ ਜਿਨ੍ਹਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਆਪਣੀ ਲੜਾਈ ਤਾਂ ਲੜੀ ਜਾ ਰਹੀ ਹੈ, ਪਰ ਸਰਕਾਰਾਂ ਦੇ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਕਥਿਤ ਤੌਰ 'ਤੇ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਭਾਵੇਂ ਹੀ ਹੁਣ ਤੱਕ ਕਈ ਕੇਸਾਂ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਚੁੱਕੀਆਂ ਹਨ। ਭਾਵੇਂ ਉਹ ਸਜ਼ਾਵਾਂ ਨਾ-ਮਾਤਰ ਹਨ।

ਜੀ ਹਾਂ, ਦੋਸਤੋਂ, ਅਸੀਂ ਗੱਲ ਕਰ ਰਹੇ ਹਾਂ ਤੇਜ਼ਾਬ ਨਾਲ ਪੀੜ੍ਹਤ ਔਰਤਾਂ ਦੀ। ਤੇਜ਼ਾਬ ਪੀੜਤ ਔਰਤਾਂ ਹੁਣ ਤੱਕ ਅਦਾਲਤਾਂ ਦੇ ਦਰਵਾਜ਼ੇ ਖੜਕਾ ਚੁੱਕੀਆਂ ਹਨ, ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇੱਥੇ ਦੱਸ ਦੇਈਏ ਕਿ ਪੰਜਾਬ ਵਿੱਚ ਸੈਂਕੜੇ ਹੀ ਅਜਿਹੀਆਂ ਔਰਤਾਂ, ਲੜਕੀਆਂ ਤੋਂ ਇਲਾਵਾ ਆਮ ਲੋਕ ਹੋਣਗੇ, ਜਿਨ੍ਹਾਂ ਦੇ ਉੱਪਰ ਤੇਜ਼ਾਬ ਹਮਲੇ ਹੋਏ। ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਇਸ ਵੇਲੇ ਵੀ ਜੇਕਰ ਵੇਖਿਆ ਜਾਵੇ ਤਾਂ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਵਿੱਚ ਤੇਜ਼ਾਬੀ ਹਮਲਿਆਂ ਨੂੰ ਲੈ ਕੇ ਮੁੱਦਾ ਨਹੀਂ ਉਠਾਇਆ ਗਿਆ। 

ਪੰਜਾਬ ਦੇ ਅੰਦਰ ਜੇਕਰ ਗੱਲ ਕਰੀਏ ਤਾਂ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਤੋਂ ਇਲਾਵਾ ਬੀਜੇਪੀ ਦੇ ਵੱਲੋਂ ਵੀ ਤੇਜ਼ਾਬ ਮਾਮਲਿਆਂ ਨੂੰ ਅਣਗੌਲਿਆ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਵੱਲੋਂ ਵੀ ਤੇਜ਼ਾਬੀ ਪੀੜਤ ਔਰਤਾਂ ਦੀ ਇੱਕ ਵੀ ਮੰਗ ਨੂੰ ਅੱਗੇ ਨਹੀਂ ਰੱਖਿਆ ਗਿਆ। ਦੋਸਤੋਂ, ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ਾਬੀ ਹਮਲੇ ਹੋਰ ਵੱਧ ਜਾਣਗੇ। ਜੇਕਰ ਸਾਡੀ ਸਿਆਸੀ ਪਾਰਟੀਆਂ ਜਿਨ੍ਹਾਂ ਨੇ ਰਾਜ ਗੱਦੀ ਸੰਭਾਲਣੀ ਹੈ, ਉਹ ਹੀ ਇਨ੍ਹਾਂ ਮੁੱਦਿਆਂ ਦੇ ਵੱਲ ਨਹੀਂ ਧਿਆਨ ਦੇਣਗੀਆਂ। 

ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਅਜਿਹੇ ਮੁੱਦਿਆਂ ਦੇ ਉੱਤੇ ਇੱਕ ਐਕਟ ਪਾਸ ਕੀਤਾ ਜਾਵੇ। ਚੋਣ ਮਨੋਰਥ ਪੱਤਰ ਦੇ ਵਿੱਚ ਇਸ ਨੂੰ ਮੁੱਖ ਮੁੱਦਾ ਬਣਾਇਆ ਜਾਵੇ ਕਿ ਜੇਕਰ ਕੋਈ ਬੰਦਾ ਕਿਸੇ ਔਰਤ ਜਾਂ ਫਿਰ ਕੁੜੀ ਜਾਂ ਫਿਰ ਕਿਸੇ ਆਮ ਲੋਕ 'ਤੇ ਤੇਜ਼ਾਬ ਸੁੱਟਦਾ ਹੈ ਤਾਂ ਉਸ ਦੇ ਵਿਰੁੱਧ ਅਜਿਹੀ ਸਖ਼ਤ ਕਾਰਵਾਈ ਹੋਵੇ ਕਿ ਉਸ ਨੂੰ ਮਿਲੀ ਸਜਾ ਨੂੰ ਵੇਖ ਕੇ ਹੋਰ ਕੋਈ ਤੇਜ਼ਾਬੀ ਹਮਲਾ ਨਾ ਕਰ ਸਕੇ। ਪਰ ਅਜਿਹਾ ਨਹੀਂ ਹੋ ਰਿਹਾ। ਤੇਜ਼ਾਬ ਪੀੜਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਨੂੰ ਕਦੇ ਵੀ ਸਰਕਾਰ ਦੇ ਵੱਲੋਂ ਨਹੀਂ ਉਠਾਇਆ ਜਾਂਦਾ ਰਿਹਾ ਅਤੇ ਨਾ ਹੀ ਦੋਸ਼ੀਆਂ ਨੂੰ ਸਮੇਂ ਸਿਰ ਸਜਾ ਦਿੱਤੀ ਜਾਂਦੀ ਰਹੀ ਹੈ।

ਜਿਹੜੀਆਂ ਤੇਜ਼ਾਬ ਪੀੜ੍ਹਤ ਔਰਤਾਂ ਨੂੰ ਪੈਨਸ਼ਨ ਮਾਣ ਭੱਤਾ ਜਾਂ ਕੋਈ ਹੋਰ ਸਹਾਇਤਾ ਮਿਲਦੀ ਹੈ, ਉਹ ਵੀ ਉਨ੍ਹਾਂ ਨੂੰ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਕਈ ਪ੍ਰਕਾਰ ਦੀਆਂ ਉਨ੍ਹਾਂ ਨੂੰ ਗੱਲਾਂ ਸਰਕਾਰੀ ਦਫ਼ਤਰਾਂ ਵਿੱਚੋਂ ਸੁਣਨੀਆਂ ਪੈਂਦੀਆਂ ਹਨ। ਇੱਥੋਂ ਤੱਕ ਕਿ ਜੋ ਸਰਕਾਰ ਦੇ ਵੱਲੋਂ ਮੁਆਵਜ਼ਾ ਨਿਰਧਾਰਿਤ ਕੀਤਾ ਗਿਆ ਹੈ, ਉਹ ਵੀ ਉਨ੍ਹਾਂ ਨੂੰ ਸਮੇਂ ਸਿਰ ਨਹੀਂ ਮਿਲ ਪਾਉਂਦਾ। ਜਿਸ ਦੇ ਕਾਰਨ ਤੇਜ਼ਾਬ ਪੀੜਤਾਂ ਵਿੱਚ ਕਾਫ਼ੀ ਜ਼ਿਆਦਾ ਰੋਸ ਹੈ ਅਤੇ ਉਹ ਸਰਕਾਰਾਂ ਨੂੰ ਕੋਸਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਦੋਸਤੋਂ, ਅੱਜ ਤੋਂ ਕਰੀਬ 3 ਦਿਨਾਂ ਬਾਅਦ ਹੀ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ ਹਨ। ਦੇਖਣਾ ਹੁਣ ਇਹ ਹੋਵੇਗਾ ਕਿ ਸਿਆਸੀ ਪਾਰਟੀਆਂ ਤੇਜ਼ਾਬ ਪੀੜਤਾਂ ਦੀ ਮੰਗ ਨੂੰ ਲੈ ਕੇ ਮੁੱਦਾ ਬਣਾਉਂਦੀਆਂ ਹਨ ਜਾਂ ਨਹੀਂ। ਤੇਜ਼ਾਬ ਸੁੱਟਣ ਵਾਲਿਆਂ ਨੂੰ ਸਜਾ ਦਿੰਦੀਆਂ ਹਨ ਜਾਂ ਨਹੀਂ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦਾ ਹੈ? ਬਾਕੀ ਦੋਸਤੋਂ, ਸਰਕਾਰਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਉਹ ਤੇਜ਼ਾਬ ਸੁੱਟਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਐਕਟ ਪਾਸ ਕਰਕੇ ਅਜਿਹੀ ਸਜ਼ਾ ਦਿਵਾਉਣ ਤਾਂ ਜੋ ਹੋਰ ਕੋਈ ਵੀ ਬੰਦਾ ਅੱਗੇ ਤੋਂ ਕਿਸੇ 'ਤੇ ਤੇਜ਼ਾਬ ਨਾ ਸੁੱਟ ਪਾਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।