ਜਨਤਾ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ 'ਚ ਕਾਮਯਾਬ ਹੋ ਚੁੱਕੇ ਹਨ ਸਿਆਸੀ ਲੀਡਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 16 2019 15:37
Reading time: 2 mins, 10 secs

ਪਿਛਲੇ 72 ਸਾਲਾਂ ਤੋਂ ਦੇਸ਼ ਦੀ ਜਨਤਾ ਬੁਨਿਆਦੀ ਜ਼ਰੂਰਤਾਂ ਤੋਂ ਵਾਂਝੀ ਚਲੀ ਆ ਰਹੀ ਹੈ, ਸਿਆਸੀ ਲੀਡਰ ਵੋਟਾਂ ਦੇ ਦਿਨਾਂ ਵਿੱਚ ਵਾਅਦੇ ਤਾਂ ਬੜੇ ਵੱਡੇ ਵੱਡੇ ਕਰਦੇ ਹਨ ਪਰ, ਜਦੋਂ ਜਨਤਾ ਉਨ੍ਹਾਂ ਨੂੰ ਕੀਤੇ ਵਾਅਦੇ ਚੇਤੇ ਕਰਵਾਉਂਦੇ ਹਨ ਤਾਂ ਉਹ ਚਾਰੋ ਲੱਤਾਂ ਚੁੱਕ ਕੇ ਉਨ੍ਹਾਂ ਨੂੰ ਮਾਰਨ ਨੂੰ ਪੈਂਦੇ ਹਨ। ਇਹੋ ਜਿਹਾ ਹੀ ਕੁਝ ਵੇਖਣ ਨੂੰ ਮਿਲ ਰਿਹਾ ਹੈ, ਇਨ੍ਹਾਂ ਲੋਕ ਸਭਾ ਚੋਣਾ ਦੇ ਦੌਰਾਨ। ਸੋਸ਼ਲ ਮੀਡੀਆ ਤੇ ਅੱਜ ਵੀ ਅਜਿਹੀਆਂ ਵੀਡੀਓਜ਼ ਘੁੰਮ ਰਹੀਆਂ ਹਨ, ਜਿਹੜੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। 

ਦੋਸਤੋ, ਗੱਲ ਕਰੀਏ ਜੇਕਰ ਅੱਜ ਦੇ ਚੁਣਾਵੀ ਮਹੌਲ ਦੀ ਤਾਂ ਸਿਆਸੀ ਪਾਰਟੀਆਂ ਸਿਵਾਏ ਇੱਕ ਦੂਜੇ ਤੇ ਚਿੱਕੜ ਉਛਾਲਨ ਤੋਂ ਕੁਝ ਵੀ ਨਹੀਂ ਕਰ ਰਹੀਆਂ। ਅੱਜ ਕੋਈ ਵੀ ਲੀਡਰ ਸਟੇਜਾਂ ਤੋਂ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ, ਬੁਢਾਪਾ ਪੈਨਸ਼ਨਾਂ, ਬੇਰੁਜ਼ਗਾਰੀ ਭੱਤਾ ਦੇਣ, ਮੁਫ਼ਤ ਤੇ ਮਿਆਰੀ ਵਿੱਦਿਆ, ਮੁਫ਼ਤ ਸਿਹਤ ਸੇਵਾਵਾਂ ਅਤੇ ਪ੍ਰਦੂਸ਼ਣ ਮੁਕਤ ਹਵਾ-ਪਾਣੀ ਦੇਣ ਦੀਆਂ ਗੱਲਾਂ ਨਹੀਂ ਕਰਦਾ ਸੁਣਾਈ ਦਿੰਦਾ। ਉਹ ਧਰਮਾਂ, ਮਜ਼ਹਬਾਂ ਅਤੇ ਨਫ਼ਰਤ ਫੈਲਾਉਣ ਵਾਲੇ ਮੁੱਦਿਆਂ ਨੂੰ ਉਛਾਲ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੀਆ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਹਨ। 

ਜੇਕਰ ਵਕਤ ਦੀਆਂ ਸੂਈਆਂ ਨੂੰ ਪੁੱਠਾ ਗੇੜਾ ਦੇਈਏ ਤਾਂ, ਕੋਈ ਵੇਲਾ ਸੀ ਜਦੋਂ ਚੋਣਾਂ ਵਿੱਚ, ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਤੇ ਪਾਣੀਆਂ 'ਤੇ ਮੁਕੰਮਲ ਹੱਕ ਪ੍ਰਾਪਤੀ ਦੀਆਂ ਗੱਲਾਂ ਹੁੰਦੀਆਂ ਸਨ। ਭਾਵੇਂ ਕਿ ਇਹ ਮਾਮਲੇ ਹੁਣ ਤੱਕ ਅਕਾਲੀ ਹੀ ਚੁੱਕਦੇ ਆਏ ਹਨ, ਪਰ ਚੁੱਕਦੇ ਉਹ ਵੀ ਸਿਰਫ਼ ਉਸ ਵੇਲੇ ਹਨ, ਜਦੋਂ ਉਨ੍ਹਾਂ ਦਾ ਹੱਥ ਤਖ਼ਤੇ ਵਿੱਚ (ਮੁਸੀਬਤ ਵੇਲੇ) ਆਇਆ ਹੁੰਦਾ ਹੈ। 

ਸੂਬੇ ਦੇ ਹੱਕਾਂ ਦੀ ਗੱਲ ਜੂਝਦੀਆਂ ਸੰਸਥਾਵਾਂ ਤੇ ਲੋਕਾਂ ਅਨੁਸਾਰ, ਸੂਬੇ ਲਈ ਪਾਣੀਆਂ ਦਾ ਮੁੱਦਾ ਬੜਾ ਵੱਡਾ ਮੁੱਦਾ ਹੈ, ਸੂਬੇ ਦੇ ਹੈੱਡਵਰਕਸ ਦਾ ਕੰਟਰੋਲ ਅੱਜ ਵੀ ਕੇਂਦਰ ਸਰਕਾਰ ਕੋਲ ਹੈ, ਜਦਕਿ ਇਸ ਤੇ ਸੂਬਾ ਸਰਕਾਰ ਦਾ ਬੁਨਿਆਦੀ ਹੱਕ ਹੋਣਾ ਚਾਹੀਦਾ ਹੈ ਪਰ, ਬਾਵਜੂਦ ਇਸ ਦੇ ਸੱਤਾ ਦੇ ਲੋਭ 'ਚ ਫਸੀਆਂ ਸੂਬੇ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਇਨ੍ਹਾਂ ਮੰਗਾਂ ਨੂੰ ਆਪਣੇ ਏਜੰਡੇ ਤੋਂ ਹੀ ਬਾਹਰ ਕੱਢ ਦਿੱਤਾ ਹੈ। ਕਾਂਗਰਸ ਦੀ ਤਾਂ ਗੱਲ ਛੱਡੋ, ਅਕਾਲੀ ਵੀ ਇਨ੍ਹਾਂ ਮੰਗਾਂ ਨੂੰ ਵਿਸਾਰ ਕੇ ਕੇਵਲ ਗੁਰਦੁਆਰਿਆਂ ਤੇ ਕਮੇਟੀਆਂ ਦੀ ਰਾਜਨੀਤੀ ਤੱਕ ਹੀ ਸੀਮਤ ਹੋ ਕੇ ਰਹਿ ਚੁੱਕੇ ਹਨ।

ਦੋਸਤੋ, ਗੱਲ ਕਰੀਏ ਜੇਕਰ ਆਪਣੇ ਹੱਕਾਂ ਲਈ ਜੂਝ ਰਹੀਆਂ ਵੱਖ ਵੱਖ ਗੈਰ ਸਿਆਸੀ ਜੱਥੇਬੰਦੀਆ ਦੀ ਤਾਂ ਅੱਜ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣਾ, ਫ਼ਸਲੀ ਬੀਮੇ, ਸਬਸਿਡੀਆਂ ਜਾਰੀ ਰੱਖਣਾ ਤੇ ਖੇਤੀ ਲਈ ਮੁਫ਼ਤ ਟਿਊਬਵੈੱਲ ਬਿਜਲੀ ਤੇ ਮੁਫ਼ਤ ਨਹਿਰੀ ਪਾਣੀ ਮੁਹੱਈਆ ਕਰਨਾ, ਬੇਰੁਜ਼ਗਾਰੀ ਦੂਰ ਕਰਨਾ ਤੇ ਸਨਅਤਾਂ ਦੀ ਸਥਾਪਤ ਕਰਨਾ ਸਮੇਂ ਦੀ ਲੋੜ ਹੈ ਪਰ, ਕੌਣ ਸਮਝਾਵੇ ਲੀਡਰਾਂ ਨੂੰ? ਉਨ੍ਹਾਂ ਨੂੰ ਤਾਂ ਇੱਕ ਦੂਜੇ ਤੇ ਚਿੱਕੜ ਉਛਾਲਨ ਤੋਂ ਹੀ ਵਿਹਲ ਨਹੀਂ ਮਿਲਦੀ। ਆਲੋਚਕਾਂ ਦਾ ਮੰਨਣੈ ਕਿ, ਲੀਡਰਾਂ ਦਾ ਅਸਲ ਮਕਸਦ, ਜਨਤਾ ਨੂੰ ਅਸਲ ਮੁੱਦਿਆਂ ਤੋਂ ਭਟਕਾਉਣਾ ਹੀ ਹੁੰਦਾ ਹੈ, ਤੇ ਇਸ ਵੇਲੇ ਉਹ ਆਪਣੇ ਇਸ ਮਕਸਦ ਵਿੱਚ ਕਾਮਯਾਬ ਵੀ ਹੋ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।