ਘਰ ਤੋਂ ਗੁੰਮ ਹੋਏ ਬੱਚੇ ਨੂੰ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ

Jatinder Singh
Last Updated: Jan 14 2018 15:03

ਘਰ ਤੋਂ ਰਸਤਾ ਭਟਕ ਜਾਣ ਕਾਰਨ ਗੁੰਮ ਹੋਏ ਦੱਸ ਸਾਲਾਂ ਬੱਚੇ ਨੂੰ ਸਰਹਿੰਦ ਪੁਲਿਸ ਨੇ ਕੁਝ ਘੰਟਿਆਂ ਅੰਦਰ ਹੀ ਲੱਭ ਕੇ ਉਸ ਦੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤਾ। ਬੱਚਾ ਸਕਸ਼ਮ (10) ਲਕਸ਼ਮੀ ਕਲੌਨੀ ਆਪਣੇ ਘਰ ਤੋਂ ਗੁੰਮ ਹੋ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਸਰਹਿੰਦ ਦੇ ਇੰਚਾਰਜ ਹਰਿਮਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 9 ਵਜੇ ਸਕਸ਼ਮ ਆਪਣੇ ਘਰ ਤੋਂ ਸਾਈਕਲ ਲੈ ਕੇ ਨਿਕਲਿਆ ਸੀ ਜੋ ਕਿ ਕਾਫ਼ੀ ਸਮਾਂ ਬੀਤ ਜਾਣ ਬਾਅਦ ਵੀ ਵਾਪਸ ਘਰ ਨਹੀਂ ਪਹੁੰਚਿਆ ਸੀ। ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਤਲਾਸ਼ ਕਰਨੀ ਸ਼ੁਰੂ ਕੀਤੀ। ਜੱਦ ਉਸ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚੇ ਦੀ ਦਾਦੀ ਚੰਦਰ ਮਾਇਆ ਨੇ ਪੁਲਿਸ ਚੌਂਕੀ ਜਾ ਕੇ ਪੋਤੇ ਦੇ ਗੁੰਮ ਹੋ ਜਾਣ ਸਬੰਧੀ ਰਿਪੋਰਟ ਦਰਜ ਕਰਵਾਈ ਸੀ।

ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਵੱਲੋਂ ਮੁਲਾਜ਼ਮਾਂ ਦੀ ਟੀਮ ਬਣਾ ਕੇ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਇਲਾਕੇ 'ਚ ਪੈਂਦੇ ਗੁਰਦੁਆਰਿਆਂ ਅਤੇ ਹੋਰ ਥਾਵਾਂ 'ਤੇ ਬੱਚੇ ਦੀ ਤਲਾਸ਼ ਸ਼ੁਰੂ ਕੀਤੀ ਗਈ। ਇਸ ਦੇ ਬਾਅਦ ਘਰੋਂ ਗਾਇਬ ਹੋਇਆ ਬੱਚਾ ਗੁਰਦੁਆਰਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਨਜ਼ਦੀਕ ਘੁੰਮਦੇ ਹੋਏ ਮਿਲ ਗਿਆ ਜਿਸ ਨੂੰ ਫੜਕੇ ਪੁਲਿਸ ਚੌਂਕੀ ਲਿਆਂਦਾ ਗਿਆ ਅਤੇ ਬੱਚਾ ਮਿਲ ਜਾਣ ਸਬੰਧੀ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਗਈ। 

ਇਸ ਤਰਾਂ ਪੁਲਿਸ ਵੱਲੋਂ ਬੱਚੇ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ 'ਤੇ ਐਸ.ਆਈ ਅਸ਼ੋਕ ਕੁਮਾਰ, ਹੌਲਦਾਰ ਰੁਪਿੰਦਰ ਸਿੰਘ, ਕੁਲਵੀਰ ਸਿੰਘ, ਇਕਬਾਲ ਮੁਹੰਮਦ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।