ਕੰਮ 'ਤੇ ਜਾਣ ਲਈ ਨਿਕਲਿਆ ਨੌਜਵਾਨ ਭੇਦਭਰੇ ਹਾਲਾਤ 'ਚ ਹੋਇਆ ਗਾਇਬ

Last Updated: Feb 13 2018 14:38

ਘਰ ਤੋਂ ਆਪਣੇ ਕੰਮ 'ਤੇ ਜਾਣ ਲਈ ਖਾਣਾ ਲੈ ਕੇ ਨਿਕਲਿਆ ਇੱਕ ਨੌਜਵਾਨ ਭੇਦਭਰੇ ਹਾਲਾਤ 'ਚ ਗਾਇਬ ਹੋ ਗਿਆ ਹੈ। ਕੰਮ 'ਤੇ ਨਾ ਪਹੁੰਚਣ ਦੇ ਬਾਅਦ ਉਸ ਦੇ ਪਿਤਾ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਉਸ ਦੀ ਭਾਲ ਕੀਤੀ, ਪਰ ਆਪਣੇ ਨੌਜਵਾਨ ਲੜਕੇ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ ਉਸ ਨੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ 'ਚ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਮਾਛੀਵਾੜਾ ਸ਼ਹਿਰ ਦਾ ਰਹਿਣ ਵਾਲਾ ਮਨਦੀਪ ਸਿੰਘ (25) ਸੋਮਵਾਰ ਸਵੇਰੇ ਕੋਹਾੜਾ ਰੋਡ ਸਥਿਤ ਆਪਣੇ ਲੱਕੜ ਵਾਲੇ ਆਰੇ ਤੇ ਜਾਣ ਲਈ ਦੁਪਹਿਰ ਦਾ ਖਾਣਾ ਨਾਲ ਲੈ ਕੇ ਘਰ ਤੋਂ ਨਿਕਲਿਆ ਸੀ। ਪਰ ਕਾਫੀ ਸਮੇਂ ਤੱਕ ਆਰੇ 'ਤੇ ਨਾ ਪਹੁੰਚਣ ਦੇ ਬਾਅਦ ਉਸ ਦੇ ਪਿਤਾ ਬਲਵੰਤ ਸਿੰਘ ਨੇ ਮਨਦੀਪ ਸਬੰਧੀ ਆਪਣੇ ਘਰ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਸਵੇਰੇ ਆਪਣੇ ਕੰਮ 'ਤੇ ਚਲਾ ਗਿਆ ਸੀ। ਜਦੋਂ ਮਨਦੀਪ ਦੇ ਨਾ ਪਹੁੰਚਣ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਦੇ ਪਿਤਾ ਬਲਵੰਤ ਸਿੰਘ ਨੇ ਮਨਦੀਪ ਸਿੰਘ ਬਾਰੇ ਉਸ ਦੇ ਦੋਸਤਾਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰਕੇ ਪਤਾ ਕੀਤਾ ਪਰ ਉਸ ਦੇ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਬਾਅਦ 'ਚ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਬਲਵੰਤ ਸਿੰਘ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਕੋਹਾੜਾ ਰੋਡ ਉੱਪਰ ਉਸ ਦੇ ਲੱਕੜ ਚੀਰਨ ਵਾਲੇ ਦੋ ਆਰੇ ਹਨ। ਸੋਮਵਾਰ ਸਵੇਰੇ ਮਨਦੀਪ ਕਰੀਬ ਅੱਠ ਵਜੇ ਆਪਣਾ ਟਿਫ਼ਨ ਬਾਕਸ ਲੈ ਕੇ ਆਰੇ ਤੇ ਜਾਣ ਲਈ ਚੱਲਿਆ ਸੀ। ਪਰ ਉਹ ਨਾ ਆਰੇ 'ਤੇ ਪਹੁੰਚਿਆ ਅਤੇ ਨਾ ਕਿਸੇ ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਕੋਲ ਗਿਆ ਹੈ। ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਰਿਪੋਰਟ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਕਤ ਨੌਜਵਾਨ ਦੇ ਭੇਦਭਰੇ ਹਾਲਾਤ 'ਚ ਗਾਇਬ ਹੋ ਜਾਣ ਦੇ ਬਾਅਦ ਤੋਂ ਪਰਿਵਾਰਕ ਮੈਂਬਰਾਂ 'ਚ ਉਦਾਸੀ ਵਾਲਾ ਮਹੌਲ ਬਣਿਆ ਹੋਇਆ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਨੌਜਵਾਨ ਲੜਕੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ।

ਦੂਜੇ ਪਾਸੇ ਥਾਣਾ ਮਾਛੀਵਾੜਾ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਇਸ ਸਬੰਧੀ ਗੁੰਮਸ਼ੁਦਗੀ ਰਿਪੋਰਟ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ।