ਕੀ ਸ਼ਰਾਬਬੰਦੀ ਨਾਲ ਹੀ ਪੈ ਜਾਣਗੀਆਂ ਅਮਨ ਅਮਾਨ ਨਾਲ ਵੋਟਾਂ? (ਵਿਅੰਗ)

Last Updated: May 15 2019 15:13
Reading time: 1 min, 14 secs

ਜਿੱਥੇ ਇੱਕ ਪਾਸੇ, ਪੰਜਾਬ ਦੇ ਮੁੱਖ ਚੋਣ ਅਫ਼ਸਰ ਨੇ 19 ਮਈ ਨੂੰ ਸੂਬੇ ਵਿੱਚ ਪੈਣ ਵਾਲੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ 'ਚ ਸ਼ਰਾਬਬੰਦੀ ਦਾ ਐਲਾਨ ਕਰ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਸ਼ਰਾਬ ਦੇ ਸ਼ੌਕੀਆਂ ਨੇ ਇਸ ਮੁਸੀਬਤ ਦਾ ਟਾਕਰਾ ਕਰਨ ਲਈ ਹੁਣੇ ਤੋਂ ਹੀ ਆਪੋ ਆਪਣਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਹੀ ਕੱਲ੍ਹ ਸ਼ਾਮ ਡਾ. ਐੱਸ. ਕਰੁਣਾਂ ਰਾਜੂ ਨੇ ਸੂਬੇ ਵਿੱਚ 48 ਘੰਟੇ ਦੀ ਸ਼ਰਾਬਬੰਦੀ ਲਈ ਹੁਕਮ ਜਾਰੀ ਕੀਤਾ, ਉਨ੍ਹਾਂ ਸ਼ਰਾਬ ਪ੍ਰੇਮੀਆਂ ਨੇ ਠੇਕਿਆਂ ਦੇ ਬਾਹਰ ਕਤਾਰਾਂ ਲਗਾ ਲਈਆਂ ਜਿਨ੍ਹਾਂ ਦੇ ਕਿ, ਢਿੱਡ ਅੰਦਰ ਸੂਰਜ ਢਲਦਿਆਂ ਹੀ ਸ਼ਰਾਬ ਵਾਲੇ ਕੀੜੇ ਟਪੂਸੀਆਂ ਮਾਰਨ ਲੱਗ ਜਾਂਦੇ ਹਨ।

ਸੂਬੇ ਦੇ ਹੋਰਨਾਂ ਸ਼ਹਿਰਾਂ ਬਾਰੇ ਤਾਂ ਕੁਝ ਕਹਿਣਾ ਔਖਾ ਹੈ ਪਰ, ਪਟਿਆਲਾ ਵਿੱਚ ਇਹ ਨਜ਼ਾਰਾ ਜ਼ਰੂਰ ਵੇਖਣ ਨੂੰ ਮਿਲਿਆ। ਕੱਲ੍ਹ ਰਾਤ ਦੇ ਦੱਸ ਵਜੇ ਤੱਕ ਸ਼ਹਿਰ ਦੇ ਲਗਭਗ ਸਾਰੇ ਹੀ ਠੇਕਿਆਂ ਤੇ ਲੰਮੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ। ਅੱਜ ਤੜਕਸਾਰ ਵੀ ਕੁਝ ਲੋਕ ਠੇਕਿਆਂ ਦੀਆਂ ਖੁੱਲ੍ਹੀਆਂ ਮੋਰੀਆਂ ਵਿੱਚੋਂ ਦੀ ਬੋਤਲਾਂ ਕੱਢਦੇ ਨਜ਼ਰ ਆਏ। 

ਭਾਵੇਂ ਕਿ ਚੋਣ ਅਫ਼ਸਰਾਂ ਨੇ ਇਹ ਹੁਕਮ ਚੋਣਾਂ ਦੇ ਦੌਰਾਨ ਕਨੂੰਨ ਤੇ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੀ ਜਾਰੀ ਕੀਤੇ ਹੋਣਗੇ ਪਰ, ਲੋਕਾਂ ਨੇ ਸ਼ਰਾਬ ਬੰਦੀ ਤੋਂ ਪਹਿਲਾਂ ਐਡਵਾਂਸ ਵਿੱਚ ਹੀ ਆਪਣਾ ਕੋਟਾ ਖ਼ਰੀਦ ਕੇ ਸਰਕਾਰੀ ਹੁਕਮਾਂ ਨੂੰ ਇੱਕ ਤਰ੍ਹਾਂ ਨਾਲ ਅੰਗੂਠਾ ਵਿਖ਼ਾ ਦਿੱਤਾ ਹੈ। 

ਆਲੋਚਕ ਸਵਾਲ ਕਰਦੇ ਹਨ ਕਿ, ਜਿਹੜੀ ਸ਼ਰਾਬ ਸਿਆਸੀ ਪਾਰਟੀਆਂ ਦੇ ਗੋਦਾਮਾਂ ਵਿੱਚ ਪਹਿਲਾਂ ਤੋਂ ਹੀ ਪਹੁੰਚ ਚੁੱਕੀ ਹੈ, ਚੋਣ ਅਫ਼ਸਰ ਉਸ ਨੂੰ ਕਿੰਝ ਰੋਕ ਪਾਉਣਗੇ? ਕੀ ਗਰੰਟੀ ਹੈ ਕਿ, ਕੇਵਲ ਸ਼ਰਾਬ ਬੰਦੀ ਕਰਕੇ ਹੀ ਚੋਣਾਂ ਅਮਨੋ ਅਮਾਨ ਨਾਲ ਹੋ ਜਾਣਗੀਆਂ? 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।