ਕੀ ਲੜਾਈਆਂ ਝਗੜਿਆਂ ਜੋਗੇ ਹੀ ਰਹਿ ਗਏ ਪੰਜਾਬੀ ?(ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 15 2019 17:02
Reading time: 2 mins, 27 secs

ਪੰਜਾਬ ਦੇ ਵਿੱਚ ਅਜਿਹਾ ਕੋਈ ਦਿਨ ਖ਼ਾਲੀ ਨਹੀਂ ਜਾਂਦਾ ਕਿ ਜਿਸ ਦਿਨ ਕੋਈ ਲੜਾਈ ਝਗੜਾ ਨਾ ਵਾਪਰਿਆ ਹੋਏ। ਹਰ ਦਿਨ ਹੀ ਕੋਈ ਨਾ ਕੋਈ ਲੜਾਈ ਝਗੜਾ ਹੁੰਦਾ ਹੀ ਰਹਿੰਦਾ ਹੈ ਅਤੇ ਪੰਜਾਬੀਆਂ ਦੇ ਕਤਲ ਵੀ ਇਨ੍ਹਾਂ ਲੜਾਈਆਂ ਝਗੜਿਆਂ ਦੇ ਵਿੱਚ ਹੀ ਹੁੰਦੇ ਰਹਿੰਦੇ ਹਨ। ਦਰਅਸਲ, ਮਾਮਲਾ ਕੁਝ ਵੀ ਨਹੀਂ ਹੁੰਦਾ, ਪਰ ਗੱਲ ਇੰਨੀ ਵੱਡੀ ਬਣ ਜਾਂਦੀ ਹੈ ਕਿ ਬੰਦਾ ਬੰਦੇ ਨੂੰ ਮਾਰਨ 'ਤੇ ਤੁੱਲ ਜਾਂਦਾ ਹੈ। ਭਾਵੇਂ ਹੀ ਸਾਡੇ ਪੰਜਾਬੀਆਂ ਨੇ ਆਪਣੇ ਦੇਸ਼ ਖ਼ਾਤਰ ਆਪਣੀਆਂ ਜਾਨਾਂ ਵਾਰੀਆਂ ਹਨ। 

ਪਰ ਜਿਸ ਤਰੀਕੇ ਦੇ ਨਾਲ ਲਾਲ ਖ਼ੂਨ ਸਫ਼ੈਦ ਹੁੰਦਾ ਜਾ ਰਿਹਾ ਹੈ, ਉਸ ਤੋਂ ਜਾਪ ਰਿਹਾ ਹੈ ਕਿ ਆਉਣ ਵਾਲਾ ਭਵਿੱਖ ਸਹੀ ਨਹੀਂ ਹੋਵੇਗਾ। ਕਿਉਂਕਿ ਨਿੱਕੀਆਂ ਗੱਲਾਂ ਤੋਂ ਤਾਂ ਅੱਜ ਕੱਲ੍ਹ ਬੰਦੇ ਮਰਨ ਲੱਗ ਪਏ ਹਨ। ਦੱਸ ਦੇਈਏ ਕਿ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਵਿੱਚ ਅਜਿਹੇ ਦਰਜਨਾਂ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਕਿਉਂਕਿ ਗਲੀ ਵਿੱਚੋਂ ਲੰਘਣ 'ਤੇ ਅਤੇ ਖੱਗਣ 'ਤੇ ਹੀ ਕਈ ਵਾਰ ਕਾਪੇ ਕਿਰਪਾਨਾਂ ਚੱਲ ਜਾਂਦੇ ਹਨ ਅਤੇ ਮਾਮਲੇ ਥਾਣਿਆਂ ਤੱਕ ਪੁੱਜ ਜਾਂਦੇ ਹਨ। 

ਇਸ ਦਾ ਇੱਕੋ ਇੱਕ ਹੀ ਕਾਰਨ ਹੈ ਕਿ ਲੋਕਾਂ ਨੂੰ ਸਿਰਫ 'ਤੇ ਸਿਰਫ ਲੜਾਈ ਨਾਲ ਹੀ ਮਤਲਬ ਰਿਹਾ ਗਿਆ ਹੈ, ਹੋਰ ਕੋਈ ਕੰਮ ਨਹੀਂ ਇਨ੍ਹਾਂ ਦੇ ਕੋਲ। ਤਾਜ਼ਾ ਲੜਾਈ ਝਗੜੇ ਦੇ ਮਾਮਲੇ ਪਿੰਡ ਬੰਡਾਲਾ ਅਤੇ ਪਿੰਡ ਫਰੀਦੇਵਾਲਾ ਵਾਲਾ ਦੇ ਸਾਹਮਣੇ ਆਏ ਹਨ। ਜਿੱਥੋਂ ਦੇ ਕਰੀਬ ਇੱਕ ਦਰਜਨ ਲੋਕਾਂ ਦੇ ਵਿਰੁੱਧ ਪੁਲਿਸ ਦੇ ਵੱਲੋਂ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਜਗਤਾਰ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਪਿੰਡ ਬੰਡਾਲਾ ਨੇ ਦੋਸ਼ ਲਗਾਉਂਦਿਆਂ ਹੋਇਆ ਦੱਸਿਆ ਕਿ ਉਨ੍ਹਾਂ ਦਾ ਕੁਝ ਵਿਅਕਤੀਆਂ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ। 

ਇਸੇ ਝਗੜੇ ਨੂੰ ਲੈ ਕੇ ਬੀਤੀ 14 ਮਈ 2019 ਦੀ ਸ਼ਾਮ ਨੂੰ ਜਸਵੀਰ ਸਿੰਘ ਪੁੱਤਰ ਸੂਰਤਾ ਸਿੰਘ, ਬਲਵੀਰ ਸਿੰਘ ਪੁੱਤਰ ਸੂਰਤਾ ਸਿੰਘ, ਤਰਸੇਮ ਸਿੰਘ ਪੁੱਤਰ ਜਗਤਾਰ ਸਿੰਘ, ਸੂਰਤਾ ਸਿੰਘ ਪੁੱਤਰ ਹਰਬੰਸ ਸਿੰਘ ਗੁਰਸੇਵਕ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਅਨ ਪਿੰਡ ਬੰਡਾਲਾ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਮ ਮਸ਼ਵਰਾ ਹੋ ਕੇ ਮੁੱਦਈ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਜਗਤਾਰ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਲਾਜ ਲਈ ਇਲਾਕੇ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਇਸੇ ਤਰ੍ਹਾਂ ਅਮਨਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਫਰੀਦੇਵਾਲਾ ਨੇ ਦੱਸਿਆ ਕਿ ਉਸ ਦੀ ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੱਜਣ ਸਿੰਘ, ਬਲਦੇਵ ਸਿੰਘ ਪੁੱਤਰ ਗੱਜਣ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਫਰੀਦੇਵਾਲਾ ਨਾਲ ਗਲੀ ਵਿੱਚੋਂ ਲੰਘਣ ਤੋਂ ਰੋਕਣ ਸਬੰਧੀ ਝਗੜਾ ਹੋ ਗਿਆ ਸੀ। ਇਸ ਝਗੜੇ ਚੱਲਦਿਆਂ ਉਕਤ ਵਿਅਕਤੀਆਂ ਨੇ ਮੁੱਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ।

ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਤਾਰ ਸਿੰਘ ਅਤੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜਸਵੀਰ ਸਿੰਘ ਪੁੱਤਰ ਸੂਰਤਾ ਸਿੰਘ, ਬਲਵੀਰ ਸਿੰਘ ਪੁੱਤਰ ਸੂਰਤਾ ਸਿੰਘ, ਤਰਸੇਮ ਸਿੰਘ ਪੁੱਤਰ ਜਗਤਾਰ ਸਿੰਘ, ਸੂਰਤਾ ਸਿੰਘ ਪੁੱਤਰ ਹਰਬੰਸ ਸਿੰਘ ਗੁਰਸੇਵਕ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀਅਨ ਪਿੰਡ ਬੰਡਾਲਾ, ਕੁਲਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੱਜਣ ਸਿੰਘ, ਬਲਦੇਵ ਸਿੰਘ ਪੁੱਤਰ ਗੱਜਣ ਸਿੰਘ, ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀਆਨ ਫਰੀਦੇਵਾਲਾ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।