ਕਿਸਾਨਾਂ ਨੂੰ ਖੇਤਾਂ ਵਿੱਚ ਦਰੱਖਤ ਲਗਾਉਣ ਦਾ ਖਰਚਾ ਦੇਵੇਗੀ ਸਰਕਾਰ: ਸੰਘਾ

Last Updated: Feb 12 2018 19:06

ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਬਚਾਉਣ ਦੇ ਮਕਸਦ ਨਾਲ ਰਾਸ਼ਟਰੀ ਜੰਗਲਾਤ ਨੀਤੀ ਤਹਿਤ ਜੰਗਲਾ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤਾਂ ਦੇ ਵੱਟਾਂ-ਬੰਨਿਆਂ ’ਤੇ ਪੌਦੇ ਲਗਾਉਣ ਅਤੇ ਉਨ੍ਹਾਂ ’ਤੇ ਹੋਣ ਵਾਲੇ ਖਰਚ ਦਾ 50 ਫੀਸਦੀ ਹਿੱਸਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਕੀਮ ਤਹਿਤ ਸਾਲ 2017-18 ਦੌਰਾਨ ਜਿਨ੍ਹਾਂ ਕਿਸਾਨਾਂ ਵੱਲੋਂ ਆਪਣੀ ਜਮੀਨ ਅਤੇ ਵੱਟਾਂ ’ਤੇ ਜੋ ਪੌਦੇ ਲਗਾਏ ਜਾਣਗੇ, ਉਨ੍ਹਾਂ ਪੌਦਿਆਂ ਦੇ ਲਗਾਉਣ ਅਤੇ ਚਾਰ ਸਾਲਾਂ ਦੀ ਸਾਂਭ-ਸੰਭਾਲ 'ਤੇ ਆਉਣ ਵਾਲੇ ਕੁੱਲ ਖਰਚੇ ਦਾ 50 ਪ੍ਰਤੀਸਤ ਹਿੱਸਾ ਸਰਕਾਰ ਵੱਲੋਂ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਰਾਹੀਂ ਦਿੱਤਾ ਜਾਵੇਗਾ ਅਤੇ ਦਰੱਖਤਾਂ ’ਤੇ ਮਾਲਕਾਨਾ ਹੱਕ ਕਿਸਾਨ ਦਾ ਹੀ ਰਹੇਗਾ। 

ਉਨ੍ਹਾਂ ਦੱਸਿਆ ਕਿ ਵੱਟਾਂ 'ਤੇ ਲੱਗਣ ਵਾਲੇ ਇੱਕ ਪੌਦੇ ਦਾ ਕੁੱਲ ਖਰਚਾ 70 ਰੁਪਏ ਤੈਅ ਕੀਤਾ ਗਿਆ ਹੈ, ਜਿਸ ਵਿੱਚੋਂ ਕਿਸਾਨਾਂ ਨੂੰ 50 ਪ੍ਰਤੀਸ਼ਤ ਭਾਵ 35 ਰੁਪਏ ਪ੍ਰਤੀ ਪੌਦਾ ਚਾਰ ਸਾਲਾਂ ਦੌਰਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਸਾਲ ਬੂਟੇ ਲਗਾਉਣ ਲਈ 14 ਰੁਪਏ ਅਤੇ ਅਗਲੇ ਤਿੰਨ ਸਾਲਾਂ ਲਈ 7-7 ਰੁਪਏ ਪ੍ਰਤੀ ਜੀਵਤ ਬੂਟੇ ਦੇ ਹਿਸਾਬ ਨਾਲ ਦਿੱਤੇ ਜਾਣਗੇ। ਵਣ ਮੰਡਲ ਅਫਸਰ ਅੰਮ੍ਰਿਤਸਰ ਰਾਜੇਸ਼ ਕੁਮਾਰ ਗੁਲਾਟੀ ਨੇ ਸਕੀਮ ਬਾਰੇ ਵਿਸਥਾਰ ਦਿੰਦੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਪਣੀ ਜ਼ਮੀਨ ਦਾ ਵੇਰਵਾ ਫਰਦ/ ਜਮਾਂਬੰਦੀ, ਅਧਾਰ ਕਾਰਡ ਦੀ ਕਾਪੀ, ਅਧਾਰ ਲਿੰਕਡ ਬੈਂਕ ਦੇ ਖਾਤੇ ਦੀ ਰੱਦ ਕੀਤੇ ਚੈਕ ਦੀ ਕਾਪੀ ਦੇਣੀ ਹੋਵੇਗੀ। ਇਹ ਲਾਭ ਲੈਣ ਲਈ ਕਿਸਾਨ ਬਾਗਬਾਨੀ ਨਾਲ ਸਬੰਧਤ ਪੌਦੇ ਛੱਡ ਕੇ ਹੋਰ ਕਿਸੇ ਵੀ ਕਿਸਮ ਦਾ ਪੌਦਾ ਕਿਸੇ ਵੀ ਨਰਸਰੀ ਤੋਂ ਖਰੀਦ ਸਕਦੇ ਹਨ। 

2017-18 ਦਾ ਲਾਭ ਲੈਣ ਲਈ 1 ਅਪ੍ਰੈਲ, 2017 ਤੋਂ 31-3-18 ਤੱਕ ਲਗਾਏ ਗਏ ਪੌਦੇ ਮੰਨਣਯੋਗ ਹੋਣਗੇ। ਜਿਨ੍ਹਾਂ ਕਿਸਾਨਾਂ ਵੱਲੋਂ ਪੂਰੇ ਖੇਤ ਵਿੱਚ ਪੌਦੇ ਲਗਾਏ ਜਾਣਗੇ, ਉਨ੍ਹਾਂ ਨੂੰ ਵੀ ਬੂਟਿਆਂ ਦੀ ਗਿਣਤੀ ਅਤੇ ਘਣਤਾ ਮੁਤਾਬਿਕ ਨਿਰਧਾਰਿਤ ਲਾਗਤ ਦੇ ਅਧਾਰ 'ਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਵਣ ਮੰਡਲ ਅਫਸਰ ਨੇ ਦੱਸਿਆ ਕਿ ਕਲੌਨਲ ਸਫੈਦਾ, ਕਲੌਨਲ ਪਾਪੂਲਰ, ਬਰਮਾ ਧਰੇਕ, ਸ਼ੀਸ਼ਮ ਅਤੇ ਹੋਰ ਵਣ ਕਿਸਮਾਂ ਵਣ ਵਿਭਾਗ ਦੀਆਂ ਨਰਸਰੀਆਂ ਵਿੱਚ ਮੌਜੂਦ ਹਨ। ਉਨ੍ਹਾਂ ਇਸ ਸਕੀਮ ਦਾ ਵਿੱਤੀ ਲਾਹਾ ਲੈਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ।