ਕਾਰ ਦੇ ਨਾਲ ਟਕਰਾਕੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ, ਪਤਨੀ ਗੰਭੀਰ ਜਖਮੀ

Last Updated: Feb 13 2018 14:48

ਅਵਾਰਾ ਗਾਂ ਅੱਗੇ ਜਾਣ ਕਾਰਨ ਸੰਤੁਲਨ ਵਿਗੜਨ ਦੇ ਚੱਲਦੇ ਬੁਲੇਟ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਗਿਆ। ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਗੰਭੀਰ ਰੂਪ 'ਚ ਜਖਮੀ ਹੋ ਗਈ। ਅਵਾਰਾ ਪਸ਼ੂ ਦੇ ਕਾਰਨ ਇਹ ਹਾਦਸਾ ਨਜ਼ਦੀਕੀ ਪਿੰਡ ਬੱਦੋਵਾਲ ਕੋਲ ਵਾਪਰਿਆ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਦੇ ਸ਼ਕਤੀ ਨਗਰ ਇਲਾਕੇ ਦਾ ਰਹਿਣ ਵਾਲਾ ਕੁਲਦੀਪ ਸਿੰਘ ਆਪਣੀ ਪਤਨੀ ਕਰਮਜੀਤ ਕੌਰ ਦੇ ਨਾਲ ਕਿਸੇ ਕੰਮ ਸਬੰਧੀ ਆਪਣੇ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਮੁੱਲਾਂਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਗਹੌਰ ਵੱਲ ਮੁੜਨ ਲੱਗਿਆ ਤਾਂ ਮੋਟਰਸਾਈਕਲ ਅੱਗੇ ਅਚਾਨਕ ਆਵਾਰਾ ਘੁੰਮਦੀ ਇੱਕ ਗਾਂ ਆ ਗਈ, ਜਿਸ ਦੇ ਚੱਲਦੇ ਕੁਲਦੀਪ ਸਿੰਘ ਦਾ ਮੋਟਰਸਾਈਕਲ ਤੋਂ ਸੰਤੁਲਨ ਵਿਗੜ ਗਿਆ ਅਤੇ ਬਾਈਕ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਕੌਡਾ ਕਾਰ ਦੇ ਨਾਲ ਜਾ ਟਕਰਾਈ।

ਹਾਦਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋਨੋਂ ਪਤੀ-ਪਤਨੀ ਗੰਭੀਰ ਰੂਪ 'ਚ ਜਖਮੀ ਹੋ ਗਏ। ਘਟਨਾ ਵਾਲੀ ਥਾਂ ਇਕੱਠੇ ਹੋਏ ਰਾਹਗੀਰਾਂ ਨੇ ਦੋਨਾਂ ਜਖਮੀਆਂ ਨੂੰ ਸੰਭਾਲਦੇ ਹੋਏ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ 'ਚ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਗੰਭੀਰ ਰੂਪ 'ਚ ਜਖਮੀ ਹੋਏ ਕੁਲਦੀਪ ਸਿੰਘ ਦੀ ਮੌਤ ਹੋ ਗਈ ਅਤੇ ਜਖਮੀ ਕਰਮਜੀਤ ਕੌਰ ਦਾ ਇਲਾਜ ਚੱਲ ਰਿਹਾ ਹੈ।

ਹਾਦਸੇ ਦੀ ਸੂਚਨਾ ਮਿਲਣ 'ਤੇ ਪਹੁੰਚੇ ਏਐਸਆਈ ਮੇਜਰ ਸਿੰਘ ਦਾ ਕਹਿਣਾ ਹੈ ਕਿ ਇਹ ਹਾਦਸਾ ਮੋਟਰਸਾਈਕਲ ਦੇ ਅੱਗੇ ਅਵਾਰਾ ਪਸ਼ੂ ਆ ਜਾਣ ਦੇ ਕਾਰਨ ਵਾਪਰਿਆ ਹੈ। ਮ੍ਰਿਤਕ ਦੇ ਭਰਾ ਭੁਪਿੰਦਰ ਸਿੰਘ ਦੇ ਬਿਆਨ ਦਰਜ ਕਰਨ ਬਾਅਦ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ 'ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।