ਆਖ਼ਿਰ ਕੌਣ ਵਿਕਾਉਂਦਾ ਹੈ ਨਸ਼ਾ, ਸੱਤਾਧਿਰ ਦੇ ਲੀਡਰ ਮੜਣ ਲੱਗੇ ਦੂਜਿਆਂ 'ਤੇ ਦੋਸ਼!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 12 2019 12:25
Reading time: 5 mins, 6 secs

ਪੰਜਾਬ ਦੇ ਇੱਕ ਮਸ਼ਹੂਰ ਗਾਇਕ ਨੇ ਪਿਛਲੇ ਸਮੇਂ ਵਿੱਚ ਇੱਕ ਗੀਤ ਗਾਇਆ ਸੀ ਕਿ ''ਲੀਡਰ ਹੀ ਵਿਕਾਉਂਦੇ ਨੇ ਨਸ਼ਾ, ਤਾਹਿਓਂ ਤਾਂ ਸ਼ਰੇਆਮ ਵਿਕਦਾ''!! ਭਾਵੇਂ ਕਿ ਇਸ ਗੀਤ ਗਾਉਣ ਵਾਲੇ ਗਾਇਕ ਨੂੰ ਕਈ ਲੀਡਰਾਂ ਦੀਆਂ ਧਮਕੀਆਂ ਵੀ ਮਿਲੀਆਂ ਸਨ। ਪਰ ਉਹ ਆਪਣੀ ਜ਼ੁਬਾਨ 'ਤੇ ਪੱਕਾ ਰਿਹਾ ਸੀ ਅਤੇ ਬੋਲੇ ਗਏ ਸ਼ਬਦਾਂ ਨੂੰ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਦੋਸਤੋਂ, ਵੇਖਿਆ ਜਾਵੇ ਤਾਂ ਗੀਤ ਵਿੱਚ ਗਾਏ ਗਏ ਸ਼ਬਦਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੇ ਅੰਦਰ ਲੀਡਰ ਨਸ਼ਾ ਵਿਕਾਉਂਦੇ ਹਨ।

ਪਿਛਲੇ ਸਮੇਂ ਦੌਰਾਨ ਕਈ ਲੀਡਰਾਂ 'ਤੇ ਕਥਿਤ ਤੌਰ 'ਤੇ ਸਮਗਲਰਾਂ ਨਾਲ ਮਿਲੇ ਹੋਣ ਦੇ ਦੋਸ਼ ਲੱਗੇ ਸਨ, ਜਿਨ੍ਹਾਂ ਦੇ ਵਿਰੁੱਧ ਲੋਕਾਂ ਨੇ ਅਵਾਜ਼ ਵੀ ਬੁਲੰਦ ਕੀਤੀ ਸੀ, ਪਰ ਹੋਇਆ ਕੀ? ਜਿਹੜੇ ਲੋਕਾਂ ਨੇ ਅਵਾਜ਼ ਬੁਲੰਦ ਕੀਤੀ, ਉਨ੍ਹਾਂ ਨੇ ਫਿਰ ਉਕਤ ਲੀਡਰਾਂ ਨੂੰ ਵੋਟਾਂ ਪਾ ਕੇ ਜਿਤਾ ਦਿੱਤਾ। ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਲੀਡਰਾਂ ਤੋਂ ਡਰਦੇ ਹਨ ਅਤੇ ਉਹ ਨਸ਼ੇ ਵਰਗੀ ਭੈੜੀ ਬਿਮਾਰੀ ਦੇ ਵਿਰੁੱਧ ਆਵਾਜ਼ ਨਹੀਂ ਚੁੱਕਦੇ। ਭਾਵੇਂ ਹੀ ਇਸ ਸਮੇਂ ਪਿੰਡਾਂ ਦੇ ਵਿੱਚ ਨਸ਼ੇ ਦੇ ਖਿਲਾਫ਼ ਮੁਹਿੰਮਾਂ ਚਲਾਉਣ ਲਈ ਕਮੇਟੀਆਂ ਦਾ ਗਠਨ ਹੋ ਰਿਹਾ ਹੈ।

ਪਰ ਇਹ ਕਮੇਟੀਆਂ ਵੀ ਕਿਸੇ ਸਿਆਸੀ ਧਿਰ ਦੇ ਵਾਸਤੇ ਹੀ ਕੰਮ ਕਰ ਰਹੀਆਂ ਹਨ। ਦੱਸ ਦਈਏ ਪੰਜਾਬ ਦੇ ਵਿੱਚ ਨਸ਼ਿਆਂ ਦਾ ਖੁੱਲ੍ਹੇਆਮ ਬੋਲਬਾਲ ਇਹ ਸਾਬਤ ਕਰਦਾ ਹੈ ਕਿ ਪੰਜਾਬ ਵਿੱਚੋਂ ਨਸ਼ਾ ਹਾਲੇ ਖ਼ਤਮ ਨਹੀਂ ਹੋਇਆ ਅਤੇ ਕਈ ਮਾਵਾਂ ਦੇ ਪੁੱਤਾਂ ਨੂੰ ਖ਼ਤਮ ਕਰਕੇ ਹੀ ਨਸ਼ਾ ਸਾਹ ਲਵੇਗਾ। ਭਾਵੇਂ ਹੀ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਪਰ ਇਹ ਮੁਹਿੰਮ 'ਤੇ ਜ਼ਿਆਦਾ ਕੰਮ ਹੁੰਦਾ ਵਿਖਾਈ ਨਹੀਂ ਦੇ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸ ਦੇ ਮੰਤਰੀ ਅਤੇ ਵਿਧਾਇਕ ਇਹ ਕਹਿੰਦੇ ਨਜ਼ਰੀ ਆ ਰਹੇ ਹਨ ਕਿ ਬਾਹਰੋਂ ਆ ਕੇ ਲੋਕ ਨਸ਼ਾ ਵੇਚ ਰਹੇ ਹਨ।

ਜਦਕਿ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕੋਈ ਬੰਦਾ ਬਾਹਰੋਂ ਆ ਕੇ ਨਸ਼ਾ ਵੇਚਦਾ ਹੈ ਤਾਂ ਕਾਰਵਾਈ ਕਰਨਾ ਪੰਜਾਬ ਦੀ ਪੁਲਿਸ ਦਾ ਕੰਮ ਹੈ, ਨਾ ਕਿ ਲੀਡਰਾਂ ਦਾ। ਕੁਝ ਭਰੋਸੇਯੋਗ ਸੂਤਰਾਂ ਮੁਤਾਬਿਕ ਪਤਾ ਤਾਂ ਇਹ ਲੱਗਿਆ ਹੈ ਕਿ ਕੋਈ ਵੀ ਨਸ਼ਾ ਤਸਕਰ ਫੜਿਆ ਮਗਰੋਂ ਜਾਂਦਾ ਹੈ ਅਤੇ ਵਿਧਾਇਕ ਅਤੇ ਮੰਤਰੀ ਪੁਲਿਸ ਨੂੰ ਫੋਨ ਕਰਕੇ ਉਕਤ ਤਸਕਰ ਨੂੰ ਛੁਡਾ ਪਹਿਲੋਂ ਲੈਂਦੇ ਹਨ। ਮੁੱਕਦੀ ਗੱਲ ਤਾਂ ਇਹ ਕਹਿ ਲਓ ਕਿ ਕਥਿਤ ਤੌਰ 'ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਅੰਦਰ ਖੁੱਲ੍ਹੇਆਮ ਹੀ ਸਿਆਸੀ ਲੀਡਰ ਨਸ਼ਾ ਵਿਕਾ ਰਹੇ ਹਨ ਅਤੇ ਜੇਕਰ ਕੋਈ ਅਧਿਕਾਰੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਬਦਲੀ ਕਰਵਾ ਦਿੱਤੀ ਜਾਂਦੀ ਹੈ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਪੰਜਾਬ ਦਾ ਉਹ ਸਰਹੱਦੀ ਜ਼ਿਲ੍ਹਾ ਹੈ, ਜੋ ਕਿ ਸ਼ਹੀਦਾਂ ਦੀ ਧਰਤੀ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਫਿਰੋਜ਼ਪੁਰ ਦੀ ਹੱਦ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਹੈ, ਜਿਸ ਦੇ ਕਾਰਨ ਪਾਕਿਸਤਾਨ ਵਾਲੇ ਪਾਸਿਓਂ ਸ਼ਰੇਆਮ ਹੀ ਭਾਰਤੀ ਹੱਦ ਅੰਦਰ ਨਸ਼ਾ ਆਉਂਦਾ ਰਹਿੰਦਾ ਹੈ। ਭਾਵੇਂ ਹੀ ਉਕਤ ਨਸ਼ੇ ਦੀ ਚੈਨ ਨੂੰ ਤੋੜਣ ਦੇ ਲਈ ਪੰਜਾਬ ਪੁਲਿਸ ਤੋਂ ਇਲਾਵਾ ਸਰਹੱਦੀ ਸੁਰੱਖਿਆ ਬਲ ਲੱਗੀ ਹੋਈ ਹੈ, ਪਰ ਨਸ਼ਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਸਗੋਂ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ, ਜੋ ਕਿ ਸਵਾਲ ਪੈਦਾ ਕਰਦਾ ਹੈ ਕਿ ਸਰਹੱਦ 'ਤੇ 24 ਘੰਟੇ ਸੁਰੱਖਿਆ ਬਲ ਤਾਇਨਾਤ ਹੋਣ ਦੇ ਕਾਰਨ ਵੀ ਨਸ਼ਾ ਭਾਰਤੀ ਹੱਦ ਅੰਦਰ ਕਿਵੇਂ ਆ ਗਿਆ?

ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹਨ, ਜੋ ਕਿ ਸਮੇਂ ਸਮੇਂ 'ਤੇ ਅਲੱਗ ਅਲੱਗ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਿੰਕੀ ਦੇ ਵੱਲੋਂ ਹੁਣ ਤੱਕ ਜਿੰਨੇ ਵੀ ਫਿਰੋਜ਼ਪੁਰ ਵਾਸੀਆਂ ਦੇ ਨਾਲ ਵਾਅਦੇ ਕੀਤੇ ਗਏ ਹਨ, ਉਨ੍ਹਾਂ ਦੇ ਵਿੱਚੋਂ ਚੰਦ ਕੁ ਵਾਅਦੇ ਹੀ ਪੂਰੇ ਹੋਏ ਹਨ, ਜਦਕਿ ਸਤਲੁੱਜ ਦਰਿਆ ਉਪਰ ਪੁਲ, ਪੀਜੀਆਈ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ ਬਣਾਉਣ ਦੇ ਬਾਰੇ ਵਿੱਚ ਵਿਧਾਇਕ ਪਿੰਕੀ ਬੋਲਦੇ ਤਾਂ ਰਹਿੰਦੇ ਹਨ, ਪਰ ਕਰਦੇ ਕੁਝ ਵੀ ਨਹੀਂ। ਨਾ ਤਾਂ ਹੁਣ ਤੱਕ ਸਤਲੁੱਜ ਦਰਿਆ ਉਪਰ ਪੁਲ ਬਣ ਸਕਿਆ, ਨਾ ਹੀ ਪੀਜੀਆਈ ਅਤੇ ਨਾ ਹੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ ਬਣਾਇਆ ਗਿਆ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ੍ਹ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵੱਲੋਂ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੇ ਨਾਲ ਇੱਕ ਅਹਿਮ ਮੀਟਿੰਗ ਕਰਦਿਆਂ ਮੀਟਿੰਗ ਵਿੱਚ ਜ਼ਿਲ੍ਹੇ ਦੇ ਕੈਮਿਸਟਾਂ ਨੂੰ ਸੱਦਾ ਦਿੱਤਾ ਤਾਂ ਜੋ ਨਸ਼ੇ ਖ਼ਿਲਾਫ਼ ਚੱਲ ਰਹੀ ਲੜਾਈ ਨੂੰ ਜਿੱਤਿਆ ਜਾ ਸਕੇ। ਪਰ ਦੋਸਤੋਂ, ਵੇਖਿਆ ਜਾਵੇ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਖੁੱਲ੍ਹੇਆਮ ਨਸ਼ਾ ਵਿਕਦਾ ਹੈ, ਜਿਸ ਨੂੰ ਫੜਣ ਵਿੱਚ ਪੁਲਿਸ ਬਲ ਨਾਕਾਮ ਸਾਬਤ ਹੋ ਰਹੀ ਹੈ। ਪੁਲਿਸ ਦੇ ਵੱਲੋਂ 2, 4 ਗ੍ਰਾਮ ਹੈਰੋਇਨ ਜਾਂ ਫਿਰ ਸਮੈਕ ਆਦਿ ਫੜ ਕੇ ਬੁੱਤਾ ਸਾਰਿਆ ਜਾ ਰਿਹਾ ਹੈ, ਜਦਕਿ ਵੱਡੇ ਵੱਡੇ ਮਗਰਮੱਛਾਂ ਨੂੰ ਪੁਲਿਸ ਹੱਥ ਨਹੀਂ ਪਾ ਰਹੀ, ਜਿਸ ਦੇ ਕਾਰਨ ਨਸ਼ਾ ਘੱਟਣ ਦੀ ਬਿਜਾਏ ਵੱਧਦਾ ਜਾ ਰਿਹਾ ਹੈ।

ਬੀਤੇ ਕੱਲ੍ਹ ਕੀਤੀ ਗਈ ਮੀਟਿੰਗ ਦੇ ਵਿੱਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵੱਲੋਂ ਕਿਹਾ ਗਿਆ ਕਿ ਫਿਰੋਜ਼ਪੁਰ ਜ਼ਿਲ੍ਹਾ ਸ਼ਹੀਦਾਂ ਦੀ ਧਰਤੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਮਹਾਨ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। 1965 ਅਤੇ 1971 ਦੀ ਲੜਾਈ ਵਿੱਚ ਫਿਰੋਜ਼ਪੁਰ ਦੇ ਲੋਕਾਂ ਨੇ ਦੁਸ਼ਮਣਾਂ ਨੂੰ ਮਾਤ ਪਾਈ ਸੀ, ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਫਿਰੋਜ਼ਪੁਰ ਦਾ ਨਾਮ ਨਸ਼ੇ ਦੇ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨਾਲ ਪੂਰੇ ਜ਼ਿਲ੍ਹੇ ਦੀ ਸ਼ਾਨ ਨੂੰ ਨੁਕਸਾਨ ਪਹੁੰਚ ਰਿਹਾ ਹੈ। ਨਸ਼ੇ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਢਿੱਲ ਨਹੀਂ ਦਿੱਤੀ ਜਾਵੇਗੀ।

ਵੇਖਿਆ ਜਾਵੇ ਤਾਂ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੈ ਅਤੇ ਪਰਮਿੰਦਰ ਸਿੰਘ ਪਿੰਕੀ ਵੀ ਕਾਂਗਰਸ ਦੇ ਵਿਧਾਇਕ ਹਨ, ਫਿਰ ਵੀ ਉਹ ਇਹ ਕਹਿੰਦੇ ਨਜ਼ਰੀ ਆ ਰਹੇ ਹਨ ਕਿ ਕੁਝ ਕੁ ਲੋਕਾਂ ਦੇ ਵੱਲੋਂ ਨਸ਼ੇ ਦੇ ਨਾਲ ਫਿਰੋਜ਼ਪੁਰ ਦਾ ਨਾਮ ਜੋੜਿਆ ਜਾ ਰਿਹਾ ਹੈ। ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਕਾਂਗਰਸ ਦਾ ਵਿਧਾਇਕ ਇੰਨੀਂ ਵੱਡੀ ਗੱਲ ਕਹਿ ਰਿਹਾ ਹੈ ਕਿ ਜਿਸ ਦੇ ਨਾਲ ਇਹ ਪਤਾ ਲੱਗ ਰਿਹਾ ਹੈ ਕਿ ਕਾਂਗਰਸ ਦੇ ਰਾਜ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਨਸ਼ਾ ਵਿਕਦਾ ਹੈ। ਵਿਧਾਇਕ ਪਿੰਕੀ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਉਹ ਹੈ ਜੋ ਕਿ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚ ਫਸਾ ਕੇ ਬਰਬਾਦ ਕਰਨਾ ਚਾਹੁੰਦਾ ਹੈ।

ਪਰ ਸਵਾਲ ਪੈਦਾ ਫਿਰ ਉਹ ਹੀ ਹੁੰਦਾ ਹੈ ਕਿ ਨਸ਼ਾ ਵਿਕਾਉਂਦਾ ਕੌਣ ਹੈ? ਕਿਸ ਦੀ ਸ਼ਹਿ 'ਤੇ ਨਸ਼ਾ ਵਿਕਦਾ ਹੈ? ਕਿਉਂ ਨਹੀਂ ਪੁਲਿਸ ਉਸ ਮਗਰਮੱਛ ਨੂੰ ਫੜ ਪਾਉਂਦੀ? ਕਿਉਂ ਕਾਂਗਰਸ ਦੇ ਵਿਧਾਇਕ ਹੀ ਅਜਿਹੀ ਸ਼ਬਦਾਵਲੀ ਵਰਤ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਪੁਲਿਸ ਪ੍ਰਸ਼ਾਸਨ 'ਤੇ ਹੀ ਯਕੀਨ ਨਹੀਂ ਰਿਹਾ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਹਾਲੇ ਬਾਕੀ ਹੈ। ਪਰ ਮੇਰੇ ਮੁਤਾਬਿਕ ਜਿੰਨਾਂ ਸਮਾਂ ਸਰਕਾਰ ਨਹੀਂ ਚਾਹੁੰਦੀ, ਉਨ੍ਹਾਂ ਸਮਾਂ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਹੋਵੇਗਾ। ਸੋ ਲੋੜ ਹੈ ਕਿ ਸਰਕਾਰ ਨੂੰ ਸਖ਼ਤੀ ਵਰਤਣ ਦੀ ਅਤੇ ਵੱਡੇ ਮਗਰਮੱਛਾਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਦੀ ਤਾਂ ਜੋ ਨਸ਼ੇ ਵਿੱਚ ਰੁੜ੍ਹ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।