ਆਖ਼ਰ ਜੁਰਮ 'ਤੇ ਕਾਬੂ ਪਾਉਣ 'ਚ ਪੁਲਿਸ ਕਿਉਂ ਨਹੀਂ ਹੋ ਰਹੀ ਕਾਮਯਾਬ? ( ਨਿਊਜ਼ਨੰਬਰ ਖ਼ਾਸ ਖ਼ਬਰ )

Last Updated: Jun 13 2019 11:07
Reading time: 2 mins, 55 secs

ਜ਼ਿਲ੍ਹੇ 'ਚ ਪੁਲਿਸ ਦਾ ਸ਼ਾਇਦ ਖ਼ੌਫ਼ ਮਾੜੇ ਅਨਸਰਾਂ ਤੋਂ ਖ਼ਤਮ ਹੁੰਦਾ ਜਾ ਰਿਹਾ ਹੈ, ਇਹੀ ਕਾਰਨ ਹੈ ਕਿ ਜ਼ਿਲ੍ਹੇ 'ਚ ਚੋਰੀਆਂ, ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਪਰ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਨਕੇਲ ਪਾਉਣ 'ਚ ਪੁਲਿਸ ਬਿਲਕੁਲ ਫ਼ੇਲ੍ਹ ਹੁੰਦੀ ਨਜ਼ਰ ਆ ਰਹੀ ਹੈ। ਲੋਕਾਂ ਦੇ ਦਿਲਾਂ 'ਚ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਲੈ ਕੇ ਡਰ ਜਾ ਬਣਿਆ ਹੋਇਆ ਹੈ। ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ 12 ਜੂਨ ਦੀ ਸ਼ਾਮ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੇ ਸ਼ਹਿਰ ਅਬੋਹਰ 'ਚ ਇੱਕ ਨੌਜਵਾਨ ਨੂੰ ਕੋਈ ਬੇਹੋਸ਼ੀ ਦੀ ਦਵਾਈ ਸੁੰਘਾ ਕੇ ਉਸ ਨੂੰ ਬੇਹੋਸ਼ ਕਰਕੇ ਉਸ ਦਾ ਮੋਟਰਸਾਈਕਲ, ਮੋਬਾਇਲ ਅਤੇ ਨਕਦੀ ਖੋਹ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ 19 ਹਜ਼ਾਰ ਦੀ ਨਕਦੀ ਸੀ। ਇਸ ਬਾਰੇ ਹਸਪਤਾਲ 'ਚ ਦਾਖਲ ਨੌਜਵਾਨ ਜਿਸ ਦੀ ਪਹਿਚਾਣ ਭਜਨ ਲਾਲ ਪੁੱਤਰ ਓਮਪ੍ਰਕਾਸ਼ ਵਾਸੀ ਪਿੰਡ ਅਮਰਪੁਰਾ ਦੇ ਜਾਣਕਾਰਾਂ ਨੇ ਦੱਸਿਆ ਕਿ ਭਜਨ ਲਾਲ ਇੱਕ ਨਿੱਜੀ ਬੈਂਕ 'ਚ ਕੰਮ ਕਰਦਾ ਹੈ ਅਤੇ ਉਹ ਬਾਜ਼ਾਰ ਵਿੱਚੋਂ ਕਿਸ਼ਤਾਂ ਇਕੱਠੀਆਂ ਕਰਕੇ ਵਾਪਸ ਪਿੰਡ ਨੂੰ ਆਪਣੇ ਮੋਟਰਸਾਈਕਲ 'ਤੇ ਪਰਤ ਰਿਹਾ ਸੀ ਜੱਦ ਉਸ ਦੇ ਨਾਲ ਇਹ ਲੁੱਟ ਦੀ ਵਾਰਦਾਤ ਨੂੰ ਦੋ ਜਣਿਆ ਨੇ ਅੰਜਾਮ ਦਿੱਤਾ। ਅਬੋਹਰ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਭਜਨ ਲਾਲ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹਾਦਸਾ ਅਬੋਹਰ-ਆਲਮਗੜ੍ਹ ਬਾਈਪਾਸ 'ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਲੋਕਾਂ ਨੇ ਸੰਭਾਲਿਆ ਤਾਂ ਉਸ ਨੇ ਆਪਣੇ ਸਾਥੀ ਗੁਲਾਬ ਸਿੰਘ ਨੂੰ ਫ਼ੋਨ ਕੀਤਾ। ਮੌਕੇ 'ਤੇ ਪਹੁੰਚਣ ਤੋਂ ਬਾਅਦ ਗੁਲਾਬ ਸਿੰਘ ਉਸ ਨੂੰ ਹਸਪਤਾਲ ਲੈ ਕੇ ਆਇਆ ਅਤੇ ਉਸ ਨੂੰ ਦਾਖਲ ਕਰਵਾਇਆ। ਭਜਨ ਦਾ ਕਹਿਣਾ ਹੈ ਕਿ ਉਸ ਦੇ ਕੋਲ ਇਕੱਠੇ ਕੀਤੇ 19 ਹਜ਼ਾਰ ਰੁਪਏ ਦੀ ਨਕਦੀ ਸੀ ਜੋ ਲੁਟੇਰੇ ਲੈ ਗਏ ਹਨ ਅਤੇ ਉਸ ਦਾ ਮੋਟਰਸਾਈਕਲ 'ਤੇ ਮੋਬਾਇਲ ਵੀ ਖੋਹ ਕਰਕੇ ਲੈ ਗਏ। ਵਾਰਦਾਤ ਬਾਰੇ ਉਸ ਨੇ ਦੱਸਿਆ ਕਿ ਉਹ ਪਿੰਡ ਨੂੰ ਜਾ ਰਿਹਾ ਸੀ ਤਾਂ ਬਾਜ਼ਾਰ ਨੰਬਰ 4 ਕੋਲ ਉਸ ਦੇ ਕੋਲ ਆਏ ਦੋ ਨੌਜਵਾਨਾਂ ਨੇ ਉਸ ਨੂੰ ਕੋਈ ਚੀਜ਼ ਸੁੰਘਾ ਦਿੱਤੀ ਜਿਸ ਕਰਕੇ ਉਸ ਦੀ ਹਾਲਤ ਬੇਹੋਸ਼ੀ ਵਾਲੀ ਹੋ ਗਈ। ਉਹ ਨੌਜਵਾਨ ਉਸ ਨੂੰ ਮੋਟਰਸਾਈਕਲ 'ਤੇ ਹੀ ਬਿਠਾ ਕੇ ਬਾਈਪਾਸ ਤੱਕ ਲੈ ਕੇ ਆਏ ਅਤੇ ਉਸ ਨੂੰ ਸੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਵਲੋਂ ਜਾਂਚ ਅਰੰਭੀ ਜਾ ਚੁੱਕੀ ਹੈ। ਇੱਥੇ ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾ ਵੀ ਨਿੱਜੀ ਬੈਂਕ ਲਈ ਕੰਮ ਕਰਦੇ ਨੌਜਵਾਨਾਂ ਤੋਂ ਖੋਹ ਕਰਨ ਵਾਲੇ ਨਕਦੀ ਦੀ ਖੋਹ ਕਰਕੇ ਫ਼ਰਾਰ ਹੋਏ ਹਨ ਪਰ ਹੱਲੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਿਆ ਹੈ ਅਤੇ ਮਾਮਲੇ ਅੱਜ ਵੀ ਲੰਬਿਤ ਪਏ ਹਨ, ਇਸ ਲਈ ਲੋਕਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਸਮਝ ਸਕਣ। ਲੋਕ ਤਾਂ ਹੁਣ ਸਵਾਲ ਕਰਦੇ ਹਨ ਕਿ ਆਖ਼ਰ ਪੁਲਿਸ ਤੋਂ ਜੁਰਮ 'ਤੇ ਕਿਉਂ ਕਾਬੂ ਨਹੀਂ ਪਾਇਆ ਜਾ ਰਿਹਾ ਹੈ? ਸਵਾਲ ਤਾਂ ਇਹ ਵੀ ਕਰਦੇ ਹਨ ਕਿ ਕੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੋਈ ਸਿਆਸੀ ਥਾਪੜਾ ਤਾਂ ਨਹੀਂ ਹੈ ਜਿਸ ਕਰਕੇ ਪੁਲਿਸ ਬੇਬਸ ਹੈ? ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਖ਼ਰ ਕਿਥੇ ਲੁੱਕ ਜਾਂਦੇ ਹਨ ਇਹ ਲੁਟੇਰੇ ਜਿੱਥੇ ਪੁਲਿਸ ਦੇ ਹੱਥ ਨਹੀਂ ਪਹੁੰਚ ਰਹੇ? ਇਨ੍ਹਾਂ ਸਵਾਲਾਂ ਜਿਹੇ ਕਈ ਸਵਾਲ ਹਨ ਜਿਨ੍ਹਾਂ ਦਾ ਜਵਾਬ ਜਨਤਾ ਪੁਲਿਸ ਤੋਂ ਪੁੱਛ ਰਹੀ ਹੈ, ਬੇਸ਼ੱਕ ਜ਼ਿਲ੍ਹਾ ਪੁਲਿਸ ਕਪਤਾਨ ਦੀਪਕ ਹਿਲੋਰੀ ਜ਼ਿਲ੍ਹੇ 'ਚ ਜੁਰਮ ਦੇ ਗ੍ਰਾਫ਼ ਨੂੰ ਪਿਛਲੇ ਦਿਨਾਂ ਦੇ ਮੁਕਾਬਲੇ ਹੇਠ ਵੱਲ ਆਉਣ ਦਾ ਦਾਅਵਾ ਕਰਦੇ ਹਨ ਪਰ ਚੋਰੀ, ਲੁੱਟ-ਖੋਹ ਦੀਆਂ ਵਾਰਦਾਤਾਂ ਇਨ੍ਹਾਂ ਪੁਲਿਸ ਦਾਅਵਿਆਂ ਨੂੰ ਚਣੋਤੀ ਦੇ ਰਹੀਆਂ ਹਨ। ਹੁਣ ਪੁਲਿਸ ਕੱਦ ਤੱਕ ਇਨ੍ਹਾਂ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਉਂਦੀ ਹੈ, ਲੋਕ ਇਹ ਵੇਖਣਾ ਚਾਹੁੰਦੇ ਹਨ, ਜੋ ਆਪਣੇ ਆਪ 'ਚ ਲੋਕਾਂ ਲਈ ਜਵਾਬ ਹੋਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।