ਆਰ.ਐਮ.ਪੀ.ਆਈ. ਨੇ ਕੀਤੀ ਬੈਠਕ

Last Updated: Jan 14 2018 18:01

ਪਠਾਨਕੋਟ ਦੇ ਨੇੜੇ ਕਸਬਾ ਸਰਨਾ ਵਿਖੇ ਰੈਵੋਲਿਉਸ਼ਨਰੀ ਮਾਰਕਸਵਾਦੀ ਪਾਰਟੀ ਆਫ ਇੰਡਿਆ ਵੱਲੋਂ ਆਯੋਜਿਤ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੁਪਰੀਮ ਕੋਰਟ ਦੇ ਚਾਰ ਸੀਨਿਅਰ ਜੱਜਾਂ ਵੱਲੋਂ ਮੁੱਖ ਜੱਜ ਦੀਪਕ ਮਿਸਰਾ ਦੇ ਖਿਲਾਫ ਅਹੁਦੇ ਦੀ ਦੁਰਵਰਤੋ ਕਰਨ ਦੇ ਲਗਾਏ ਦੋਸ਼ਾਂ ਦੀ ਗੰਭੀਰਤਾ ਅਤੇ ਲੋਕਤੰਤਰ ਨੂੰ ਪੇਸ਼ ਹੋਏ ਖਤਰੇ ਨੂੰ ਦੇਖਦੇ ਹੋਏ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨੈਤਿਕਤਾ ਦੇ ਅਧਾਰ 'ਤੇ ਤੁਰੰਤ ਅਸਤੀਫਾ ਦੇਣ ਅਤੇ ਇਸਦੇ ਖਿਲਾਫ਼ ਸੰਸਦ ਵਿਖੇ ਮਹਾ ਦੋਸ਼ ਪ੍ਰਸਤਾਵ ਲਿਆਂਦਾ ਜਾਵੇ। ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ ਦੇ ਕੌਮੀ ਜਨਰਲ ਸੱਕਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਚੰਡੀਗੜ੍ਹ ਵਿਖੇ ਹੋਈ ਪਹਿਲੀ ਕੁੱਲ ਹਿੰਦ ਕਾਨਫਰੰਸ ਦੀ ਰਿਪੋਰਟਿੰਗ ਕਰਦਿਆਂ ਕਿਹਾ ਕਿ ਪਾਰਟੀ ਦੇਸ਼ ਵਿੱਚ ਆਰਥਿਕ ਬਰਾਬਰੀ ਲਈ, ਜਮਾਤ ਰਹਿਤ, ਜਾਤ-ਪਾਤ ਦੇ ਸਮਾਜਿਕ ਵਿਤਕਰੇ ਰਹਿਤ ਅਤੇ ਔਰਤ-ਮਰਦ ਦੀ ਬਰਾਬਰੀ ਦਾ ਸਮਾਜ ਸਿਰਜਨ ਲਈ ਲੋਕਾਂ ਨੂੰ ਲਾਮਬੰਦ ਕਰਦੇ ਹੋਏ, ਲੋਕਾਂ ਦੇ ਜੀਵਨ ਨਾਲ ਜੁੜੇ ਮੁੱਖ ਮੁੱਦਿਆਂ ਨੂੰ ਲੈਕੇ ਸੰਘਰਸ਼ ਕਰੇਗੀ। ਦੇਸ਼ ਵਿੱਚ ਵੱਧ ਰਹੀ ਬੇਰੋਕ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਲਈ ਜਿੰਮੇਵਾਰ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਫਿਰਕਾ ਪ੍ਰਸਤ ਤਾਕਤਾਂ ਦੇ ਖਿਲਾਫ ਵੀ ਦੇਸ਼ ਵਿਆਪੀ ਅੰਦੋਲਨ ਛੇੜਿਆ ਜਾਵੇਗਾ। ਉਕਤ ਮੰਗਾਂ ਦੀ ਪ੍ਰਾਪਤੀ ਲਈ ਮਾਰਚ 2018 ਦੇ ਅਖੀਰਲੇ ਹਫਤੇ ਆਰ.ਐਮ.ਪੀ.ਆਈ ਪਾਰਟੀ ਵੱਲੋਂ ਵਿਸ਼ਾਲ ਜਨਤਕ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਦਲਬੀਰ ਸਿੰਘ ਅਤੇ ਮਾਸਟਰ ਸੁਭਾਸ਼ ਸ਼ਰਮਾ ਨੇ ਕੀਤੀ।