ਅੱਗ ਲਾਉਣ ਦੀ ਬਜਾਏ ਜ਼ਮੀਨ ਵਿੱਚ ਵਾਹ ਕੇ ਜਾਂ ਪਸ਼ੂਆਂ ਲਈ ਸਾਂਭੀ ਜਾ ਸਕਦੀ ਹੈ ਪਰਾਲੀ 

Last Updated: Jun 12 2019 12:34
Reading time: 2 mins, 6 secs

ਜਿਸ ਤਰ੍ਹਾਂ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੋਰ ਹੇਠਾਂ ਹੁੰਦਾ ਜਾ ਰਿਹਾ ਹੈ ਅਤੇ ਰੁੱਖਾਂ ਦੇ ਕੱਟਣ ਨਾਲ ਤਪਸ਼ ਵਧਦੀ ਜਾ ਰਹੀ ਹੈ ਇਹ ਆਉਣ ਵਾਲੀਆਂ ਪੀੜੀਆਂ ਲਈ ਖ਼ਤਰੇ ਦੀ ਘੰਟੀ ਹੈ 'ਤੇ ਜੇਕਰ ਸਮਾ ਰਹਿੰਦਿਆਂ ਹੀ ਅਸੀਂ ਨਾ ਸਮਝੇ ਤਾਂ ਮਨੁੱਖਤਾ ਦਾ ਹੋਣ ਵਾਲਾ ਘਾਣ ਨਹੀਂ ਰੋਕਿਆ ਜਾ ਸਕੇਗਾ। ਜਿਸ ਤਰ੍ਹਾ ਹੁਣ ਝੋਨੇ ਦੀ ਫ਼ਸਲ ਦੀ ਬਿਜਾਈ ਦਾ ਸੀਜ਼ਨ ਹੈ ਤਾਂ ਅਜਿਹੇ ਵਿੱਚ ਜਿੱਥੇ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਹੀ ਅੱਗ ਦੇ ਹਵਾਲੇ ਕਰ ਦਿੰਦੇ ਹਨ 'ਤੇ ਝੋਨੇ ਦੀ ਫ਼ਸਲ ਦਾ ਬਦਲਵਾਂ ਤੋੜ ਨਹੀਂ ਆਪਣਾ ਰਹੇ ਅਜਿਹੇ ਵਿੱਚ ਬਹੁਤ ਜਲਦੀ ਹੀ ਪੰਜਾਬ ਵੀ ਬਾਕੀ ਰਾਜਾਂ ਵਾਂਗ ਪਾਣੀ ਦੀ ਬੂੰਦ ਬੂੰਦ ਲਈ ਤਰਸੇਗਾ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਅਜਿਹੇ ਵਿੱਚ ਕਈ ਕਿਸਾਨ ਅਜਿਹੇ ਵੀ ਹਨ ਜੋ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਬੜੀ ਹੀ ਸੰਜੀਦਗੀ ਨਾਲ ਨਿਭਾਅ ਰਹੇ ਹਨ। ਅਜਿਹੇ ਹੀ ਕਿਸਾਨੀ ਦੀ ਸ਼੍ਰੇਣੀ ਵਿੱਚ ਨਾਅ ਆਉਂਦਾ ਹੈ ਕਲਾਨੌਰ ਦੇ ਜਸਵੰਤ ਸਿੰਘ ਦਾ। ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿੱਚ ਵਾਹ ਕੇ ਜਾਂ ਪਸ਼ੂਆਂ ਦੇ ਚਾਰੇ ਲਈ ਵੀ ਸਾਂਭਿਆ ਜਾ ਸਕਦਾ ਹੈ। ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਪਰਾਲੀ ਦੇ ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਹੈ। ਇਹ ਕਹਿਣਾ ਹੈ ਪਿੰਡ ਤਲਵੰਡੀ ਗੁਰਾਇਆ ਨੇੜੇ ਕਲਾਨੌਰ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਜਸਵੰਤ ਸਿੰਘ ਦਾ।

ਕਿਸਾਨ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਹ ਕਣਕ ਦੀ ਪਰਾਲੀ ਨੂੰ ਚਾਰ ਸਾਲ ਤੇ ਝੋਨੇ ਦੀ ਪਰਾਲੀ ਨੂੰ ਦੋ ਸਾਲ ਤੋਂ ਅੱਗ ਨਹੀਂ ਲਗਾ ਰਿਹਾ ਹੈ। ਉਸਦਾ ਕਹਿਣਾ ਹੈ ਕਿ ਉਹ 10 ਏਕੜ ਵਿੱਚ ਖੇਤੀ ਕਰਦਾ ਹੈ। ਉਸਦਾ ਕਹਿਣਾ ਹੈ ਕਿ ਕਿਸਾਨ ਕਾਹਲੀ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਅਗਲੀ ਫ਼ਸਲ ਦੀ ਬਿਜਾਈ ਕਰਨਾ ਚਾਹੁੰਦਾ ਹੈ ਪਰ ਉਹ ਇਸ ਤਰਾਂ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖ਼ਰਾਬ ਕਰ ਲੈਂਦਾ ਹੈ ਉਸ ਦੇ ਨਾਲ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਅਗਲੇਰੀ ਫ਼ਸਲ ਨੂੰ ਪਾਣੀ ਵੀ ਜ਼ਿਆਦਾ ਲਾਉਣਾ ਪੈਦਾ ਹੈ ਤੇ ਖਾਦਾਂ ਦੀ ਵਰਤੋਂ ਵੀ ਵੱਧ ਕਰਨੀ ਪੈਂਦੀ ਹੈ। ਪਰ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ। ਪਾਣੀ ਦੀ ਘੱਟ ਲੋੜ ਪੈਂਦੀ ਹੈ। ਮਿੱਤਰ ਕੀੜੇ ਬਚ ਜਾਂਦੇ ਹਨ। ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਘੱਟ ਕਰਨੀ ਪੈਂਦੀ ਹੈ ਤੇ ਫ਼ਸਲ ਦਾ ਝਾੜ ਵੀ ਵੱਧ ਨਿਕਲਦਾ ਹੈ। 

ਕਿਸਾਨ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਹੈਪੀਸਡਰ, ਰੋਟਾਵੇਟਰ ਤੇ ਮਲਚਰ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਕਿਸਾਨਾਂ ਇਨ੍ਹਾਂ ਖੇਤੀ ਸੰਦਾਂ ਦੀ ਵਰਤੋਂ ਕਰਕੇ ਵੀ ਪਰਾਲੀ ਨੂੰ ਜ਼ਮੀਨ ਵਿੱਚ ਵਾਹ ਕੇ ਅਗਲੀ ਫ਼ਸਲ ਬੀਜ ਸਕਦੇ ਹਨ। ਕਿਸਾਨ ਇਕੱਲੇ  ਤੋਰ 'ਤੇ ਇਹ ਸੰਦ ਹਾਸਿਲ ਕਰ ਸਕਦੇ ਹਨ। ਕਿਸਾਨ ਜਸਵੰਤ ਸਿੰਘ ਨੇ ਸਾਥੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਨੂੰ ਜ਼ਮੀਨ ਵਿੱਚ ਵਹਾਉਣ ਜਾਂ ਪਸ਼ੂਆਂ ਦੇ ਚਾਰੇ ਲਈ ਵੀ ਵਰਤ ਸਕਦੇ ਹਨ।