ਅੰਗਰੇਜ਼ੀ ਤੇ ਦੇਸੀ ਸ਼ਰਾਬ ਦੀਆਂ 191 ਪੇਟੀਆਂ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ

Last Updated: Jan 12 2018 21:34

ਬਾਹਰੀ ਸੂਬਿਆਂ ਤੋਂ ਸਸਤੇ ਭਾਅ ਸ਼ਰਾਬ ਖ਼ਰੀਦ ਕੇ ਮਹਿੰਗੇ ਰੇਟ ਸਪਲਾਈ ਕਰਨ ਵਾਲੇ ਸ਼ਰਾਬ ਦੇ ਸਮਗਲਰਾਂ ਦੇ ਖ਼ਿਲਾਫ਼ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੇ ਸ਼ੁੱਕਰਵਾਰ ਚੈਕਿੰਗ ਦੌਰਾਨ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੀਆਂ ਨਜਾਇਜ਼ 191 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਨਜਾਇਜ਼ ਸ਼ਰਾਬ ਲਿਜਾ ਰਿਹਾ ਜੀਪ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਕਾਬੂ ਕੀਤੇ ਗਏ ਕਥਿਤ ਦੋਸ਼ੀ ਅਤੇ ਫ਼ਰਾਰ ਹੋਏ ਮੁਲਜ਼ਮ ਦੇ ਖ਼ਿਲਾਫ਼ ਥਾਣਾ ਸਿਟੀ ਖੰਨਾ ਚ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਸ਼ੁੱਕਰਵਾਰ ਸ਼ਾਮ ਨੂੰ ਨਜਾਇਜ਼ ਸ਼ਰਾਬ ਬਰਾਮਦਗੀ ਦੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ 'ਚ ਤਾਇਨਾਤ ਏ.ਐਸ.ਆਈ ਪ੍ਰਮੋਦ ਕੁਮਾਰ ਵੱਲੋਂ ਸਾਥੀ ਪੁਲਿਸ ਮੁਲਾਜ਼ਮਾਂ ਦੇ ਨਾਲ ਸਥਾਨਕ ਰਤਨਹੇੜੀ ਰੇਲਵੇ ਫਾਟਕਾਂ ਕੋਲ ਕੀਤੀ ਗਈ ਨਾਕਾਬੰਦੀ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਪਿੰਡ ਰਤਨਹੇੜੀ ਵਾਲੀ ਸਾਈਡ ਤੋਂ ਆ ਰਹੀ ਇੱਕ ਮਹਿੰਦਰਾ ਜੀਪ ਨੂੰ ਸ਼ੱਕ ਦੇ ਆਧਾਰ 'ਤੇ ਚੈਕਿੰਗ ਲਈ ਰੋਕਿਆ।

ਇਸੇ ਦੌਰਾਨ ਜੀਪ ਚਲਾ ਰਿਹਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਪਰ ਪੁਲਿਸ ਮੁਲਾਜ਼ਮਾਂ ਨੇ ਜੀਪ ਡਰਾਈਵਰ ਦੇ ਨਾਲ ਬੈਠੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ। ਚੈਕਿੰਗ ਕੀਤੀ ਗਈ ਤਾਂ ਤਲਾਸ਼ੀ ਦੌਰਾਨ ਜੀਪ ਅੰਦਰੋਂ 191 ਪੇਟੀਆਂ (2292 ਬੋਤਲਾਂ) ਨਜਾਇਜ਼ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਬਰਾਮਦ ਹੋਈ ਸ਼ਰਾਬ 'ਚ 13 ਪੇਟੀਆਂ ਬਲੈਂਡਰ ਪ੍ਰਾਈਡ, 5 ਪੇਟੀਆਂ ਸਿਗਨੇਚਰ, 34 ਪੇਟੀਆਂ ਇੰਪੀਰੀਅਲ ਬਲਿਊ ਅਤੇ 119 ਡਾਲਰ ਰੰਮ ਅਤੇ 20 ਪੇਟੀਆਂ ਡਾਲਰ ਰੰਮ ਪਊਏ ਸ਼ਾਮਲ ਹਨ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਵਰਿੰਦਰ ਸਿੰਘ ਉਰਫ਼ ਵਿੱਕੀ ਅਤੇ ਫ਼ਰਾਰ ਹੋਏ ਜੀਪ ਡਰਾਈਵਰ ਦੀ ਸ਼ਨਾਖਤ ਅਮਨਦੀਪ ਸਿੰਘ ਉਰਫ਼ ਅਮਨਾ ਵਜੋਂ ਹੋਈ ਹੈ। ਦੋਨਾਂ ਵਿਅਕਤੀਆਂ ਦੇ ਖ਼ਿਲਾਫ਼ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।