ਅਜ਼ਾਦੀ ਲਈ ਜਾਨਾਂ ਵਾਰਨ ਵਾਲਿਆਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣੋਂ ਡਰਦੇ ਨੇ ਹਾਕਮ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: May 15 2019 18:12
Reading time: 3 mins, 45 secs

ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਜਿੱਥੇ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰਨ ਵਾਲਿਆਂ ਨੂੰ ਵਿਸਾਰਿਆ ਜਾਂਦਾ ਰਿਹਾ ਹੈ, ਉੱਥੇ ਹੀ ਉਨ੍ਹਾਂ ਨੂੰ ਹੁਣ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਸਮੇਂ ਦੇ ਹਾਕਮਾਂ ਵੱਲੋਂ ਸ਼ਹੀਦਾਂ ਦੀ ਸੋਚ ਅਤੇ ਉਨ੍ਹਾਂ ਦੁਆਰਾ ਚਲਾਈਆਂ ਲਹਿਰਾਂ ਨੂੰ ਖ਼ਤਮ ਕਰਨ ਦੀਆਂ ਕਥਿਤ ਤੌਰ 'ਤੇ ਚਾਲਾਂ ਚੱਲੀਆਂ ਜਾ ਰਹੀਆਂ ਹਨ, ਪਰ ਕੁਝ ਕੁ ਕ੍ਰਾਂਤੀਕਾਰੀ ਜਥੇਬੰਦੀਆਂ ਦੇ ਵੱਲੋਂ ਹਾਕਮਾਂ ਵਿਰੁੱਧ ਇਸ ਗੱਲ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਕਿ ਸ਼ਹੀਦਾਂ ਦੀ ਸੋਚ ਨੂੰ ਜਿੰਦਾ ਰੱਖਿਆ ਜਾ ਸਕੇ ਅਤੇ ਲੋਕਾਂ ਨੂੰ ਇਨਸਾਫ਼ ਦੁਆਇਆ ਜਾ ਸਕੇ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ਹੀਦ ਸੁਖਦੇਵ ਦਾ ਜਨਮ ਦਿਹਾੜਾ ਹੈ। ਦੱਸ ਦੇਈਏ ਕਿ ਸ਼ਹੀਦ ਸੁਖਦੇਵ ਦਾ 15 ਮਈ 1907 ਨੂੰ ਹੋਇਆ ਸੀ ਅਤੇ ਉਨ੍ਹਾਂ ਨੂੰ ਭਗਤ ਸਿੰਘ ਅਤੇ ਰਾਜਗੁਰੂ ਸਮੇਤ 23 ਮਾਰਚ 1931 ਨੂੰ ਫਾਂਸੀ 'ਤੇ ਤਖ਼ਤੇ 'ਤੇ ਚੜ੍ਹਾ ਦਿੱਤਾ ਗਿਆ ਸੀ। ਵੇਖਿਆ ਜਾਵੇ ਤਾਂ ਅੱਜ 90 ਸਾਲ ਦੇ ਕਰੀਬ ਹੋ ਚੁੱਕੇ ਹਨ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਹੀਦ ਹੋਇਆ ਨੂੰ, ਪਰ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਸਕੀਆਂ, ਜਿਸ ਦੇ ਕਾਰਨ ਭਾਰਤ ਦੀਆਂ ਇਨਕਲਾਬੀ ਜਥੇਬੰਦੀਆਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
 
ਬੜੀ ਹੈਰਾਨੀ ਹੁੰਦੀ ਹੈ, ਉਸ ਵੇਲੇ ਜਦੋਂ ਸਾਡੇ ਲੀਡਰ ਅਤੇ ਸਰਕਾਰੀ ਅਧਿਕਾਰੀ ਸ਼ਹੀਦਾਂ ਦੇ ਬੁੱਤਾਂ ਉੱਪਰ ਫੁੱਲ ਮਲਾਵਾਂ ਤਾਂ ਭੇਟ ਕਰ ਰਹੇ ਹੁੰਦੇ ਹਨ, ਪਰ ਉਨ੍ਹਾਂ ਨੂੰ ਕਦੇ ਵੀ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੇ ਬਾਰੇ ਵਿੱਚ ਗੱਲ ਨਹੀਂ ਕਰਦੇ। ਜੇਕਰ ਕੋਈ ਇਨਕਲਾਬੀ ਬੰਦਾ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੀ ਗੱਲ ਕਰਦਾ ਹੈ ਅਤੇ ਸਰਕਾਰਾਂ ਦੇ ਵਿਰੁੱਧ ਲੜਦਾ ਹੈ ਤਾਂ ਸਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਉਨ੍ਹਾਂ ਨੂੰ ਦੇਸ਼ ਦੇ ਗਂਦਾਰ ਤੋਂ ਇਲਾਵਾ ਦੇਸ਼ ਧਿਰੋਹੀ ਜਿਹੇ ਨਾਮ ਲੈ ਕੇ ਪੁਕਾਰਿਆ ਜਾਣ ਲੱਗ ਪਿਆ ਜਾਂਦਾ ਹੈ। 

ਦੱਸ ਦੇਈਏ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਬੀਕੇ ਦੱਤ ਤੋਂ ਇਲਾਵਾ ਹੋਰ ਕਈ ਅਨੇਕਾਂ ਸੂਰਬੀਰਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ, ਪਰ ਸਮੇਂ ਦੇ ਹਾਕਮਾਂ ਨੇ ਉਨ੍ਹਾਂ ਦੀ ਸ਼ਹੀਦੀ ਦਾ ਮੁੱਲ ਨਹੀਂ ਪਾਇਆ। ਸਗੋਂ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਸਰਕਾਰਾਂ ਦੇ ਵੱਲੋਂ ਅੱਤਵਾਦੀ ਜਿਹੇ ਕਹਿ ਕੇ ਪੁਕਾਰਿਆ ਜਾਂਦਾ ਰਿਹਾ ਹੈ, ਜੋ ਕਿ ਸਾਡੇ ਭਾਰਤ ਦੇ ਲੋਕਾਂ ਦੇ ਲਈ ਬੇਹੱਦ ਹੀ ਦੁੱਖ ਦੀ ਗੱਲ ਹੈ।

ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਭਾਵੇਂ ਹੀ ਸ਼ਹੀਦਾਂ ਦੇ ਸਨਮਾਨ ਨੂੰ ਲੈ ਕੇ ਕਈ ਪ੍ਰਕਾਰ ਬਿਆਨ ਜਾਰੀ ਕੀਤੇ ਜਾਂਦੇ ਹਨ। ਪਰ ਇਹ ਬਿਆਨ ਸਾਰੇ ਹੀ ਫੋਕੇ ਹਨ, ਕਿਉਂਕਿ ਮੋਦੀ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਕਿ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਬੀਕੇ ਦੱਤ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਜੇਕਰ ਮੋਦੀ ਸਰਕਾਰ ਇਨ੍ਹਾਂ ਸੂਰਬੀਰਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇ ਦਿੰਦੀ ਹੈ ਤਾਂ ਸਰਕਾਰਾਂ ਨੂੰ ਇਨ੍ਹਾਂ ਦੀ ਸੋਚ ਨੂੰ ਵੀ ਬਹਾਲ ਰੱਖਣਾ ਪਵੇਗਾ। 

ਪਰ ਸਰਕਾਰ ਅਜਿਹਾ ਕਦੇ ਵੀ ਨਹੀਂ ਚਾਹੁੰਦੀ। ਮੋਦੀ ਸਰਕਾਰ ਦੇ ਵੱਲੋਂ ਤਾਂ ਹਮੇਸ਼ਾ ਹੀ ਕਥਿਤ ਤੌਰ 'ਤੇ ਭਾਰਤ ਦੇ ਸ਼ਹੀਦਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਭਾਵੇਂ ਹੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲੋਂ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਵਿਖੇ ਪਹੁੰਚ ਕੇ ਵਾਅਦੇ ਕਰਕੇ ਗਏ ਸਨ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੋਂ ਇਲਾਵਾ ਹੋਰ ਮਹਾਨ ਸੂਰਬੀਰਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਜਾਵੇਗਾ, ਪਰ ਹੁਣ ਤੱਕ ਕੁਝ ਵੀ ਨਹੀਂ ਹੋ ਸਕਿਆ।

ਦੂਜੇ ਪਾਸੇ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਦੀ ਗੱਲ ਕਰੀਏ ਤਾਂ ਕਾਂਗਰਸ ਸਰਕਾਰ ਦੇ ਮੰਤਰੀ ਵੀ ਕਈ ਵਾਰ ਸ਼ਹੀਦੀ ਸਮਾਰਕ 'ਤੇ ਪਹੁੰਚ ਚੁੱਕੇ ਹਨ, ਪਰ ਹੁਣ ਤੱਕ ਕਿਸੇ ਵੀ ਮੰਤਰੀ ਜਾਂ ਫਿਰ ਵਿਧਾਇਕ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੋਂ ਇਲਾਵਾ ਹੋਰਨਾਂ ਮਹਾਨ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਸਬੰਧੀ ਮੰਗ ਨਹੀਂ ਕੀਤੀ। ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਲੀਡਰ ਸਿਰਫ ਤੇ ਸਿਰਫ ਵੋਟਾਂ ਬਟੋਰਨ ਦੇ ਮਕਸਦ ਤਹਿਤ ਹੀ ਸ਼ਹੀਦਾਂ ਦੀ ਧਰਤੀ 'ਤੇ ਪਹੁੰਚਦੇ ਹਨ।

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਅੱਜ ਸ਼ਹੀਦ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮਨਾਇਆ ਗਿਆ ਅਤੇ ਸਹਾਇਕ ਕਮਿਸ਼ਨਰ ਦੇ ਵੱਲੋਂ ਸ਼ਹੀਦਾਂ ਨੂੰ ਫੁੱਲ ਮਲਾਵਾਂ ਭੇਟ ਕੀਤੇ ਗਏ। ਪਰ ਵੇਖਿਆ ਜਾਵੇ ਤਾਂ ਇਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਵੀ ਫੁੱਲ ਮਲਾਵਾਂ ਭੇਟ ਕਰਨ ਲੱਗਿਆ ਸ਼ਰਮ ਨਹੀਂ ਆਉਂਦੀ ਕਿ ਜਿਹੜੇ ਮਹਾਨ ਸੂਰਬੀਰਾਂ ਨੂੰ ਅਸੀਂ ਫੁੱਲ ਮਲਾਵਾਂ ਭੇਟ ਕਰ ਰਹੇ ਹਾਂ, ਉਨ੍ਹਾਂ ਨੂੰ ਤਾਂ ਸਾਡੀਆਂ ਸਰਕਾਰਾਂ ਨੇ ਕੌਮੀ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ। 

ਦੱਸ ਦੇਈਏ ਕਿ ਸਰਕਾਰਾਂ ਨੂੰ ਸਰਕਾਰੀ ਤੌਰ 'ਤੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਬੀਕੇ ਦੱਤ ਦਾ ਸ਼ਹੀਦੀ ਦਿਹਾੜਾ ਅਤੇ ਜਨਮ ਦਿਹਾੜਾ ਮਨਾਉਣਾ ਤਾਂ ਯਾਦ ਹੈ, ਪਰ ਇਨ੍ਹਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਦੇ ਸਬੰਧ ਵਿੱਚ ਕਦੀ ਵੀ ਸਰਕਾਰਾਂ ਦੇ ਵੱਲੋਂ ਕਦਮ ਨਹੀਂ ਚੁੱਕੇ ਗਏ। ਸੋ ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਆਉਣ ਵਾਲੀ ਕੇਂਦਰ ਦੀ ਸਰਕਾਰ ਮਹਾਨ ਸੂਰਬੀਰਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾ ਪਾਉਂਦੀ ਹੈ ਜਾਂ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦੈ? ਬਾਕੀ ਭਾਰਤ ਦੇ ਲੋਕਾਂ ਨੂੰ ਵੀ ਸੋਚ ਸਮਝ ਕੇ ਵੋਟ ਦੇਣੀ ਚਾਹੀਦੀ ਹੈ।