ਅਣਪਛਾਤੇ ਵਿਅਕਤੀਆਂ ਨੇ ਐਨ.ਆਰ.ਆਈ ਦੀ ਕੋਠੀ ਦੇ ਤਾਲੇ ਤੋੜ ਕੇ ਕੀਤੀ 20 ਲੱਖ ਰੁਪਏ ਦੀ ਚੋਰੀ

Last Updated: Jan 13 2018 13:31

ਵਿਆਹ ਸਮਾਰੋਹ ਦੀ ਤਿਆਰੀਆਂ ਸਬੰਧੀ ਸਾਮਾਨ ਦੀ ਖਰੀਦਦਾਰੀ ਕਰਨ ਗਏ ਐਨ.ਆਰ.ਆਈ ਦੇ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਵਿਅਕਤੀਆਂ ਨੇ ਨਜ਼ਦੀਕੀ ਪਿੰਡ ਨੂਰਪੁਰ 'ਚ ਤਾਲੇ ਤੋੜ ਕੇ ਅਲਮਾਰੀ 'ਚੋਂ 15 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ, 2 ਲੱਖ 20 ਹਜ਼ਾਰ ਰੁਪਏ ਭਾਰਤੀ ਨਗਦੀ ਅਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਕੋਠੀ 'ਚ ਪਹੁੰਚੇ ਐਨ.ਆਰ.ਆਈ ਦੇ ਭਰਾ ਨੇ ਤਾਲੇ ਟੁੱਟੇ ਦੇਖ ਕੇ ਆਪਣੇ ਭਰਾ ਨੂੰ ਜਾਣਕਾਰੀ ਦਿੱਤੀ ਅਤੇ ਬਾਅਦ 'ਚ ਪੁਲਿਸ ਨੂੰ ਸੂਚਨਾ ਦਿੱਤੀ। ਦਿਨ-ਦਿਹਾੜੇ ਹੋਈ ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਅਦ ਥਾਣਾ ਮਾਛੀਵਾੜਾ ਤੋਂ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਐਨ.ਆਰ.ਆਈ ਹਰਬੰਸ ਸਿੰਘ ਦੀ ਪਿੰਡ ਨੂਰਪੁਰ 'ਚ ਕੋਠੀ ਹੈ। ਉਸਦਾ ਲੜਕਾ ਹਰਜੀਤ ਸਿੰਘ ਸਪੇਨ 'ਚ ਰਹਿ ਰਿਹਾ ਹੈ, ਜੋ ਕਿ ਆਪਣੇ ਚਾਚੇ ਦੇ ਲੜਕੇ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਸਬੰਧੀ ਬੀਤੀ 11 ਜਨਵਰੀ ਨੂੰ ਆਪਣੇ ਘਰ ਆਇਆ ਸੀ। ਵਿਆਹ ਦੀਆਂ ਤਿਆਰੀਆਂ ਸਬੰਧੀ ਸਾਮਾਨ ਖਰੀਦਣ ਦੇ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਦੁਪਹਿਰ ਕਰੀਬ ਡੇਢ ਵਜੇ ਆਪਣੀ ਕੋਠੀ ਨੂੰ ਤਾਲਾ ਲਗਾ ਕੇ ਮਾਛੀਵਾੜਾ ਸ਼ਹਿਰ ਬਜ਼ਾਰ ਚਲਾ ਗਿਆ।

ਸ਼ਾਮ ਕਰੀਬ ਚਾਰ ਵਜੇ ਐਨ.ਆਰ.ਆਈ ਦਾ ਭਰਾ ਸ਼ੇਰ ਸਿੰਘ ਆਪਣੇ ਭਰਾ ਦੀ ਕੋਠੀ 'ਚ ਪਹੁੰਚਿਆ ਤਾਂ ਦੇਖਿਆ ਕਿ ਕੋਠੀ ਦਾ ਗੇਟ ਖੁੱਲਾ ਪਿਆ ਸੀ ਅਤੇ ਅੰਦਰ ਕਮਰਿਆਂ ਦੇ ਦਰਵਾਜ਼ੇ ਵੀ ਖੁੱਲੇ ਪਏ ਸਨ। ਜਿਸਦੇ ਬਾਅਦ ਉਸਨੇ ਤੁਰੰਤ ਆਪਣੇ ਭਰਾ ਹਰਬੰਸ ਸਿੰਘ ਨੂੰ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ਦੇ ਬਾਅਦ ਹਰਬੰਸ ਸਿੰਘ ਵਾਪਸ ਆਪਣੇ ਘਰ ਪਹੁੰਚਿਆ ਤੇ ਦੇਖਿਆ ਕਿ ਕਮਰੇ ਅੰਦਰ ਅਲਮਾਰੀਆਂ ਦੇ ਲਾਕ ਟੁੱਟੇ ਹੋਏ ਸਨ ਅਤੇ ਕਮਰੇ ਅੰਦਰ ਸਾਮਾਨ ਖਿਲਰਿਆ ਪਿਆ ਸੀ।

ਐਨ.ਆਰ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਇੰਡੀਆ ਵਾਪਸ ਆਉਂਦੇ ਸਮੇਂ ਵਿਦੇਸ਼ ਤੋਂ 20 ਹਜ਼ਾਰ ਯੂਰੋ ਵਿਦੇਸ਼ੀ ਕਰੰਸੀ ਲੈ ਕੇ ਆਇਆ ਸੀ, ਜਿਸਦੀ ਕੁੱਲ ਕੀਮਤ ਕਰੀਬ 15 ਲੱਖ ਰੁਪਏ ਇੰਡੀਅਨ ਕਰੰਸੀ ਬਣਦੀ ਹੈ। ਅਣਪਛਾਤੇ ਵਿਅਕਤੀ ਅਲਮਾਰੀ ਵਿੱਚੋਂ 20 ਹਜ਼ਾਰ ਯੂਰੋ ਵਿਦੇਸ਼ੀ ਕਰੰਸੀ ਤੋਂ ਇਲਾਵਾ 2 ਲੱਖ 20 ਹਜ਼ਾਰ ਰੁਪਏ ਅਤੇ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ ਹਨ। ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਕਰੀਬ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਚੋਰੀ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਥਾਣਾ ਮਾਛੀਵਾੜਾ ਦੇ ਐਸ.ਐਚ.ਓ ਸੁਰਿੰਦਰਪਾਲ ਸਿੰਘ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਮੌਕਾ ਮੁਆਇਨਾ ਕਰਨ ਦੇ ਬਾਅਦ ਪਰਿਵਾਰਕ ਮੈਂਬਰਾਂ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।

ਇਸ ਮਾਮਲੇ ਸਬੰਧੀ ਐਸ.ਐਚ.ਓ ਸੁਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਬਾਅਦ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਦਾ ਸੁਰਾਗ ਲਗਾਉਣ ਸਬੰਧੀ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ ਤਾਂ ਕਿ ਚੋਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਦਾ ਸਕੇ।